ਮੁੰਬਈ, 22 ਜੂਨ
ਮੁੱਖ ਅੰਸ਼
- ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦੀ ਵੀ ਕੀਤੀ ਪੇਸ਼ਕਸ਼
- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੂਬੇ ਦੀ ਅਫ਼ਸਰਸ਼ਾਹੀ ਦਾ ਧੰਨਵਾਦ ਕੀਤਾ
ਸਿਆਸੀ ਸੰਕਟ ਵਿੱਚ ਘਿਰੇ ਤੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੂੰ ਬਚਾਉਣ ਲਈ ਬਾਗੀਆਂ ਨੂੰ ਪਤਿਆਉਂਦਿਆਂ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਸੂਰਤ ਮਗਰੋਂ ਹੁਣ ਗੁਹਾਟੀ ਵਿੱਚ ਡੇਰੇ ਲਾਈ ਬੈਠੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਵਜੋਂ ਭਾਵੁਕ ਹੋਏ ਠਾਕਰੇ ਨੇ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਕਿ ਜੇ ਕੋਈ ਸ਼ਿਵ ਸੈਨਿਕ ਹੀ ਉਨ੍ਹਾਂ ਦੀ ਥਾਂ ਲਏ। ਅਹੁਦਾ ਛੱਡਣ ਦੀ ਪੇਸ਼ਕਸ਼ ਤੋਂ ਕੁਝ ਘੰਟਿਆਂ ਮਗਰੋਂ ਊਧਵ ਠਾਕਰੇ ਦੱਖਣੀ ਮੁੰਬਈ ਵਿਚਲੀ ਸਰਕਾਰੀ ਰਿਹਾਇਸ਼ ਨੂੰ ਛੱਡ ਕੇ ਸਬ-ਅਰਬਨ ਬਾਂਦਰਾ ਵਿੱਚ ਆਪਣੇ ਪਰਿਵਾਰ ਦੇ ਮਾਤੋਸ੍ਰੀ ਬੰਗਲੇ ਵਿੱਚ ਚਲੇ ਗਏ। ਇਸ ਦੌਰਾਨ ਠਾਕਰੇ ਦੀ ਹਮਾਇਤ ਵਿੱਚ ਵੱਡੀ ਗਿਣਤੀ ਸ਼ਿਵ ਸੈਨਾ ਵਰਕਰ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ। ਇਸ ਦੌਰਾਨ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ’ਚ ਅਹਿਮ ਭਾਈਵਾਲ ਕਾਂਗਰਸ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸਿਆਸੀ ਸੰਕਟ ਦੇ ਹੱਲ ਲਈ ਬਾਗ਼ੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਏਕਨਾਥ ਮੁੰਡੇ ਨੂੰ ਮੁੱਖ ਮੰਤਰੀ ਨਾਮਜ਼ਦ ਕਰਨ ਦੀ ਸਲਾਹ ਦਿੱਤੀ ਹੈ।
ਠਾਕਰੇ, ਜੋ ਅੱਜ ਦਿਨੇ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲੇ ਆਏ ਸਨ, ਨੇ ਵੈੱਬਕਾਸਟ ਰਾਹੀਂ 18 ਮਿੰਟ ਲਾਈਵ ਹੋ ਕੇ ਬਾਗ਼ੀ ਵਿਧਾਇਕਾਂ ਨੂੰ ਭਾਵੁਕ ਅਪੀਲ ਕੀਤੀ। ਮੁੱਖ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਕੋਲ ਤਜਰਬੇ ਦੀ ਘਾਟ ਹੈ ਤੇ ਰੀੜ ਦੀ ਹੱਡੀ ਦੀ ਸਰਜਰੀ ਕਰਕੇ ਉਹ ਲੋਕਾਂ ਤੋਂ ਦੂਰ ਹੋ ਗਏ। ਠਾਕਰੇ ਨੇ ਕਿਹਾ ਕਿ ਜੇਕਰ ਸ਼ਿਵ ਸੈਨਿਕਾਂ ਨੂੰ ਲੱਗਦਾ ਹੈ ਕਿ ਉਹ ਪਾਰਟੀ ਨੂੰ ਮੂਹਰੇ ਹੋ ਕੇ ਅਗਵਾਈ ਦੇਣ ਦੇ ਸਮਰੱਥ ਨਹੀਂ ਹਨ ਤਾਂ ਉਹ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਲਈ ਵੀ ਤਿਆਰ ਹਨ। ਠਾਕਰੇ ਨੇ ਗ਼ੈਰਤਜਰਬੇਕਾਰ ਹੋਣ ਦੇ ਬਾਵਜੂਦ ਮਿਲੇ ਸਹਿਯੋਗ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸੂੁਬੇ ਦੀ ਅਫ਼ਸਰਸ਼ਾਹੀ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਊਧਵ ਠਾਕਰੇ ਨੇ ਬਾਗ਼ੀ ਵਿਧਾਇਕਾਂ ਨੂੰ ਮੁਖਾਤਬਿ ਹੁੰਦਿਆਂ ਕਿਹਾ, ‘‘ਤੁਸੀਂ ਸੂਰਤ ਜਾਂ ਹੋਰ ਥਾਵਾਂ ’ਤੇ ਬੈਠ ਕੇ ਬਿਆਨ ਕਿਉਂ ਦਿੰਦੇ ਹੋ। ਆਓ ਤੇ ਮੇਰੇ ਮੂੰਹ ’ਤੇ ਕਹੋ ਕਿ ਮੈਂ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਧਾਨ ਦੇ ਅਹੁਦਿਆਂ ਦੇ ਕਾਬਲ ਨਹੀਂ ਹਾਂ। ਮੈਂ ਫੌਰੀ ਅਸਤੀਫਾ ਦੇ ਦੇਵਾਂਗਾ। ਮੈਂ ਆਪਣਾ ਅਸਤੀਫ਼ਾ ਤਿਆਰ ਰੱਖਾਂਗਾ ਤੇ ਤੁਸੀਂ ਆ ਕੇ ਇਸ ਨੂੰ ਰਾਜ ਭਵਨ ਲਿਜਾ ਸਕਦੇ ਹੋ।’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਜੇਕਰ ਕੋਈ ਸ਼ਿਵ ਸੈਨਿਕ ਹੀ ਉਨ੍ਹਾਂ ਦੀ ਥਾਂ ਇਸ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਬੈਠੇ। ਠਾਕਰੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਆਪਣੇ ਲੋਕ ਉਨ੍ਹਾਂ ਨੂੰ ਨਹੀਂ ਚਾਹੁੰਦੇ ਤਾਂ ਫਿਰ ਉਹ ਸੱਤਾ ਨਾਲ ਚਿਪਕੇ ਨਹੀਂ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਦੇ ਤੇ ਉਨ੍ਹਾਂ ਹਿੰਦੂਤਵ ਬਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਠਾਕਰੇ ਨੇ ਕਿਹਾ, ‘‘ਹਿੰਦੂਤਵ ਸ਼ਿਵ ਸੈਨਾ ਦਾ ਸਾਹ ਹੈ। ਮੈਂ ਪਹਿਲਾ ਮੁੱਖ ਮੰਤਰੀ ਹਾਂ ਜਿਸ ਨੇ ਵਿਧਾਨ ਸਭਾ ਵਿੱਚ ਹਿੰਦੂਤਵ ਦੀ ਗੱਲ ਕੀਤੀ ਸੀ।’’
ਏਕਨਾਥ ਸ਼ਿੰਦੇ ਦੇ ਅਸਿੱਧੇ ਹਵਾਲੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਮਗਰੋਂ ਜਿਹੜੇ ਸ਼ਿਵ ਸੈਨਾ ਆਗੂ ਮੰਤਰੀ ਬਣੇ ਹਨ, ਉਹ ਬਾਲ ਠਾਕਰੇ ਦੀ ਮੌਤ ਮਗਰੋਂ ਆਪਣੀ ਸਫ਼ਲਤਾ ਦਾ ਸਿਹਰਾ ਜਥੇਬੰਦੀ ਸਿਰ ਬੰਨ੍ਹਦੇ ਹਨ। ਸ਼ਿੰਦੇ ਸਾਲ 2014 ਤੋਂ 2019 ਦੌਰਾਨ ਦੇਵੇਂਦਰ ਫੜਨਵੀਸ ਕੈਬਨਿਟ ’ਚ ਮੰਤਰੀ ਸੀ। ਠਾਕਰੇ ਨੇ ਕਿਹਾ ਕਿ ਕੁਝ ਬਾਗ਼ੀ ਵਿਧਾਇਕਾਂ ਨੇ ਪਾਰਟੀ ਨੂੰ ਦੱਸਿਆ ਹੈ ਕਿ ਉਹ ਗੁਹਾਟੀ ਤੋਂ ਵਾਪਸ ਆਉਣਾ ਚਾਹੁੰਦੇ ਹਨ, ਪਰ ਕੁਝ ਵਿਧਾਇਕ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਜਬੂਰ ਕਰ ਰਹੇ ਹਨ।
ਰਾਊਤ ਵੱਲੋਂ ਅਸੈਂਬਲੀ ਭੰਗ ਕਰਨ ਦਾ ਇਸ਼ਾਰਾ
ਮੁੰਬਈ/ਗੁਹਾਟੀ: ਸ਼ਿਵ ਸੈਨਾ ਦੇ ਸੀਨੀਅਰ ਮੈਂਬਰ ਤੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਕੀਤੀ ਗਈ ਬਗ਼ਾਵਤ ਦਰਮਿਆਨ ਸੱਤਾਧਾਰੀ ਸ਼ਿਵ ਸੈਨਾ ਨੇ ਮਹਾਰਾਸ਼ਟਰ ਅਸੈਂਬਲੀ ਨੂੰ ਭੰਗ ਕਰਨ ਦਾ ਇਸ਼ਾਰਾ ਕੀਤਾ ਹੈ। ਉਧਰ 46 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰਨ ਵਾਲੇ ਸ਼ਿੰਦੇ ਬੁੱਧਵਾਰ ਵੱਡੇ ਤੜਕੇ ਪਾਰਟੀ ਵਿਧਾਇਕਾਂ ਨਾਲ ਚਾਰਟਰ ਜਹਾਜ਼ ਰਾਹੀਂ ਗੁਜਰਾਤ ਦੇ ਸੂਰਤ ਸ਼ਹਿਰ ਤੋਂ ਅਸਾਮ ਦੀ ਰਾਜਧਾਨੀ ਗੁਹਾਟੀ ਤਬਦੀਲ ਹੋ ਗਏ। ਸ਼ਿੰਦੇ ਨੇ ਆਪਣਾ ਬਾਗ਼ੀ ਰਵੱਈਆ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਮੁੱਖ ਮੰਤਰੀ ਊਧਵ ਠਾਕਰੇ ਦੇ ਨਜ਼ਦੀਕੀ ਰਾਊਤ ਨੇ ਕਿਹਾ, ‘‘ਮਹਾਰਾਸ਼ਟਰ ਦਾ ਸਿਆਸੀ ਘਟਨਾਕ੍ਰਮ ਸੂਬਾਈ ਅਸੈਂਬਲੀ ਨੂੰ ਭੰਗ ਕਰਨ ਦੀ ਦਿਸ਼ਾ ਵੱਲ ਵਧ ਰਿਹਾ ਹੈ।’’ ਪੱਤਰਕਾਰਾਂ ਨੇ ਰਾਊਤ ਨੂੰ ਉਨ੍ਹਾਂ ਦੇ ਟਵੀਟ ਬਾਰੇ ਪੁੱਛਿਆ ਤਾਂ ਸ਼ਿਵ ਸੈਨਾ ਦੇ ਮੁੱਖ ਤਰਜਮਾਨ ਨੇ ਕਿਹਾ, ‘‘ਜਦੋਂ ਕਦੇ ਕਿਸੇ ਰਾਜ ਵਿੱਚ ਅਜਿਹੇ ਹਾਲਾਤ ਬਣਦੇ ਹਨ, ਤਾਂ ਮੈਂ ਵੇਖਿਆ ਹੈ ਕਿ ਵਿਧਾਨ ਸਭਾ ਭੰਗ ਹੁੰਦੀ ਹੈ।’’ ਰਾਊਤ ਮੁੱਖ ਮੰਤਰੀ ਠਾਕਰੇ ਵੱਲੋਂ ਅਸਤੀਫ਼ਾ ਦੇਣ ਦੇ ਸਵਾਲ ਨੂੰ ਟਾਲ ਗਏ।
ਉਧਰ ਸ਼ਿੰਦੇ ਜਿਨ੍ਹਾਂ ਖ਼ੁਦ ਨੂੰ ਸ਼ਿਵ ਸੈਨਾ ਵਿਧਾਇਕਾਂ ਦਾ ਮੁੱਖ ਵ੍ਹਿਪ ਐਲਾਨਿਆ ਹੈ, ਨੇ ਕਿਹਾ ਕਿ ਉਨ੍ਹਾਂ ਕੋਲ 46 ਵਿਧਾਇਕਾਂ ਦੀ ਹਮਾਇਤ ਹੈ। ਇਕ ਮਰਾਠੀ ਚੈਨਲ ਨਾਲ ਗੱਲਬਾਤ ਦੌਰਾਨ ਸ਼ਿੰਦੇ ਨੇ ਕਿਹਾ, ‘‘ਮੇੇਰੇ ਕੋਲ (ਦੂਜੀ ਧਿਰ ਦੇ ਮੁਕਾਬਲੇ) ਸ਼ਿਵ ਸੈਨਾ ਦੇ ਵਿਧਾਇਕਾਂ ਦੀ ਵੱਧ ਗਿਣਤੀ ਹੈ (ਜੋ ਦਲ ਬਦਲੀ ਕਾਨੂੰਨ ਤਹਿਤ ਹੋਣ ਵਾਲੀ ਕਾਰਵਾਈ ਤੋਂ ਬਚਣ ਲਈ ਲੋੜੀਂਦੀ ਗਿਣਤੀ ਤੋਂ ਵਧ ਹੈ)।’’ 288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਦੇ 55 ਵਿਧਾਇਕ ਹਨ।
ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਅੱਜ ਦਿਨੇ ਆਪਣੇ ਸਾਰੇ ਵਿਧਾਇਕਾਂ, ਜਿਨ੍ਹਾਂ ਵਿੱਚ ਬਾਗ਼ੀ ਵਿਧਾਇਕ ਵੀ ਸ਼ਾਮਲ ਸਨ, ਨੂੰ ਸ਼ਾਮ ਪੰਜ ਵਜੇ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾਂ ਫਿਰ ਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ। ਗੁਹਾਟੀ ਵਿੱਚ ਸੈਨਾ ਵਿਧਾਇਕਾਂ ਨਾਲ ਡੇਰੇ ਲਾਈ ਬੈਠੇ ਸ਼ਿੰਦੇ ਨੇ ਕਿਹਾ ਕਿ ਸੈਨਾ ਦੇ ਚੀਫ ਵ੍ਹਿਪ ਸੁਨੀਲ ਪ੍ਰਭੂ ਵੱਲੋਂ ਜਾਰੀ ਹੁਕਮ ‘ਕਾਨੂੰਨੀ ਤੌਰ ’ਤੇ ਗੈਰਵਾਜਬ’ ਹਨ, ਕਿਉਂਕਿ ਵਿਧਾਇਕ ਭਾਰਤ ਗੋਗਾਵਲੇ ਨੂੰ ਪਾਰਟੀ ਦਾ ਚੀਫ਼ ਵ੍ਹਿਪ ਨਿਯੁਕਤ ਕੀਤਾ ਗਿਆ ਹੈ। ਪ੍ਰਭੂ ਵੱਲੋਂ ਲਿਖਿਆ ਪੱਤਰ ਗ੍ਰਹਿ ਰਾਜ ਮੰਤਰੀ ਸ਼ੰਭੂਰਾਜ ਦੇਸਾਈ ਸਣੇ ਸ਼ਿਵ ਸੈਨਾ ਦੇ ਹੋਰਨਾਂ ਮੰਤਰੀਆਂ ਨੂੰ ਵੀ ਜਾਰੀ ਕੀਤਾ ਗਿਆ ਸੀ, ਜੋ ਇਸ ਵੇਲੇ ਗੁਹਾਟੀ ਵਿੱਚ ਸ਼ਿੰਦੇ ਨਾਲ ਹਨ।
ਉਧਰ ਸ਼ਿਵ ਸੈਨਾ ਵਿਧਾਇਕ ਨਿਤਿਨ ਦੇਸ਼ਮੁਖ, ਜੋ ਸ਼ਿੰਦੇ ਨਾਲ ਸੂਰਤ ਗਿਆ ਸੀ, ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਜਬਰੀ ਗੁਜਰਾਤ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੇਸ਼ਮੁਖ ਨੇ ਕਿਹਾ ਕਿ ਉਸ ਨੂੰ ਕੋਈ ਦਿਲ ਦਾ ਦੌਰਾ ਨਹੀਂ ਪਿਆ, ਪਰ ਇਸ ਦੇ ਬਾਵਜੂਦ ਉਸ ਨੂੰ ਟੀਕੇ ਲਾਏ ਗਏ। ਨਾਗਪੁਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕੋਲਾ ਤੋਂ ਵਿਧਾਇਕ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਸੂਰਤ ਤੋਂ ਮਹਾਰਾਸ਼ਟਰ ਸੁਰੱਖਿਅਤ ਪਰਤਣ ਵਿੱਚ ਕਾਮਯਾਬ ਰਿਹਾ। ਦੇਸ਼ਮੁਖ ਨੇ ਕਿਹਾ ਕਿ ਉਹ ਸੈਨਾ ਪ੍ਰਧਾਨ ਊਧਵ ਠਾਕਰੇ ਦੇ ਨਾਲ ਹੈ। ਉਧਰ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਮੁੱਖ ਮੰਤਰੀ ਠਾਕਰੇ ਨੇ ਸਾਫ਼ ਕਰ ਦਿੱਤਾ ਹੈ ਕਿ ਸੂਬਾਈ ਅਸੈਂਬਲੀ ਨੂੰ ਭੰਗ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪਟੋਲੇ ਨੇ ਠਾਕਰੇ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਕਾਰਗਰ ਤਰੀਕੇ ਨਾਲ ਸਰਕਾਰ ਚਲਾਵਾਂਗੇ।’’ ਪਟੋਲੇ ਨੇ ਕਿਹਾ ਕਿ ਸੀਨੀਅਰ ਕਾਂਗਰਸ ਆਗੂ ਕਮਲ ਨਾਥ ਨੇ ਠਾਕਰੇ ਨਾਲ ਫੋਨ ’ਤੇ ਗੱਲਬਾਤ ਕਰਕੇ ਮੌਜੂਦਾ ਸਿਆਸੀ ਹਾਲਾਤ ’ਤੇ ਚਰਚਾ ਕੀਤੀ ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਪਾਰਟੀ ਦੇ 44 ਵਿਧਾਇਕਾਂ ’ਚੋਂ 41, ਪਾਰਟੀ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁਟ ਤੇ ਉਸ ਦੇ 44 ਵਿਧਾਇਕ ਵੀ ਇਕੱਠੇ ਹਨ। -ਪੀਟੀਆਈ
ਮੁੱਖ ਮੰਤਰੀ ਠਾਕਰੇ ਨੂੰ ਮਿਲੇ ਸ਼ਰਦ ਪਵਾਰ
ਮੁੰਬਈ: ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਐੱਨਸੀਪੀ ਮੁਖੀ ਸ਼ਰਦ ਪਵਾਰ ਅੱਜ ਸ਼ਾਮੀਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲੇ। ਪਵਾਰ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਤੇ ਪਾਰਟੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਅਤੇ ਗੱਠਜੋੜ ਸਰਕਾਰ ’ਚ ਮੰਤਰੀ ਜੀਤੇਂਦਰ ਅਵਧ ਵੀ ਮੌਜੂਦ ਸਨ। ਦੱਖਣੀ ਮੁੰਬਈ ਵਿੱਚ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ, ਉਸ ਬਾਰੇ ਵੇਰਵੇ ਨਹੀਂ ਮਿਲ ਸਕੇ। ਉਂਜ ਇਹ ਮੀਟਿੰਗ ਠਾਕਰੇ ਦੇ ਲਾਈਵ ਵੈੱਬਕਾਸਟ ਮਗਰੋਂ ਹੋਈ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਤੇ ਮਹਾਰਾਸ਼ਟਰ ਲਈ ਪਾਰਟੀ ਦੇ ਨਿਗਰਾਨ ਕਮਲ ਨਾਥ ਨੇ ਵੀ ਠਾਕਰੇ ਨਾਲ ਫੋਨ ’ਤੇ ਗੱਲਬਾਤ ਕੀਤੀ।