ਮੁੰਬਈ, 1 ਜੁਲਾਈ
ਸ਼ਿਵ ਸੈਨਾ ’ਤੇ ਕੰਟਰੋਲ ਨੂੰ ਲੈ ਕੇ ਚੱਲ ਰਹੇ ਟਕਰਾਅ ਦਰਮਿਆਨ ਪਾਰਟੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਏਕਨਾਥ ਸ਼ਿੰਦੇ ਨੂੰ ਸ਼ਿਵ ਸੈਨਾ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ‘ਤਥਾਕਥਿਤ ਸ਼ਿਵ ਸੈਨਿਕ’ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਥਾਪਣ ਦੇ ਭਾਜਪਾ ਸਰਕਾਰ ਦੇ ਫੈਸਲੇ ’ਤੇ ਉਜ਼ਰ ਜਤਾਇਆ ਸੀ। ਉਨ੍ਹਾਂ ਕਿਹਾ ਕਿ ਸੈਨਾ ਨੂੰ ਲਾਂਭੇ ਰੱਖ ਕੇ ਸ਼ਿਵ ਸੈਨਾ ਦਾ ਮੁੱਖ ਮੰਤਰੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਏਕਨਾਥ ਸ਼ਿੰਦੇ ਸ਼ਿਵ ਸੈਨਾ ਦਾ ਸੀਐੱਮ ਨਹੀਂ ਹੈ। ਠਾਕਰੇ ਨੇ ਸਵਾਲ ਕੀਤਾ ਕਿ ਭਾਜਪਾ ਨੇ ਸਾਲ 2019 ਵਿੱਚ ਵਾਰੀ ਸਿਰ ਮੁੱਖ ਮੰਤਰੀ ਬਣਾਏ ਜਾਣ ਦੇ ਆਪਣੇ ਵਾਅਦੇ ਨੂੰ ਉਦੋਂ ਕਿਉਂ ਨਹੀਂ ਪੁਗਾਇਆ। ਸਾਬਕਾ ਮੁੱਖ ਮੰਤਰੀ ਨੇ ਮੈਟਰੋ-3 ਸ਼ੈੱਡ ਪ੍ਰਾਜੈਕਟ ਨੂੰ ਕੰਜੂਮਾਰਗ ਤੋਂ ਆਰੇ ਕਾਲੋਨੀ ਤਬਦੀਲ ਕਰਨ ਦੇ ਸ਼ਿੰਦੇ ਸਰਕਾਰ ਦੇ ਫੈਸਲੇ ’ਤੇ ਉਜ਼ਰ ਜਤਾਇਆ। ਉਨ੍ਹਾਂ ਸ਼ਿੰਦੇ ਸਰਕਾਰ ਨੂੰ ਕਿਹਾ ਕਿ ਜੇਕਰ ਗੁੱਸਾ ਉਨ੍ਹਾਂ ਨਾਲ ਹੈ ਤਾਂ ਮੁੰਬਈ ਨੂੰ ਨੁਕਸਾਨ ਨਾ ਪਹੁੰਚਾਓ। ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਹਲਫ਼ਦਾਰੀ ਸਮਾਗਮ ਤੋਂ ਫੌਰੀ ਮਗਰੋਂ ਕੀਤੀ ਆਪਣੀ ਪਲੇਠੀ ਕੈਬਨਿਟ ਮੀਟਿੰਗ ਵਿੱਚ ਸੂਬਾਈ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਉਹ ਕੰਜੂਮਾਰਗ ਦੀ ਥਾਂ ਆਰੇ ਕਾਲੋਨੀ ਵਿੱਚ ਮੈਟਰੋ-3 ਕਾਰ ਸ਼ੈੱਡ ਦੇ ਨਿਰਮਾਣ ਸਬੰਧੀ ਤਜਵੀਜ਼ ਪੇਸ਼ ਕਰੇ।
ਇਥੇ ਕੇਂਦਰੀ ਮੁੰਬਈ ਵਿੱਚ ਦਾਦਰ ਸਥਿਤ ਪਾਰਟੀ ਦੇ ਹੈੱਡਕੁਆਰਟਰ ਸ਼ਿਵ ਸੈਨਾ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਭਾਜਪਾ ਨੇ ਢਾਈ ਸਾਲ ਪਹਿਲਾਂ ਵਾਰੀ ਸਿਰ ਮੁੁੱਖ ਮੰਤਰੀ ਬਣਾਉਣ ਦੇ ਸਮਝੌਤੇ ਤੋਂ ਇਨਕਾਰ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਜੇਕਰ ਉਦੋਂ ਮੰਨ ਗਈ ਹੁੰਦੀ ਤਾਂ ਸੱਤਾ ਦਾ ਤਬਾਦਲਾ ਬੜੇ ਚੰਗੇ ਤੇ ਸਨਮਾਨਯੋਗ ਤਰੀਕੇ ਨਾਲ ਹੋ ਜਾਣਾ ਸੀ। ਠਾਕਰੇ ਨੇ ਜ਼ੋਰ ਦੇ ਕੇ ਆਖਿਆ ਕਿ ਏਕਨਾਥ ਸ਼ਿੰਦੇ ‘ਸ਼ਿਵ ਸੈਨਾ ਦਾ ਮੁੱਖ ਮਤਰੀ ਨਹੀਂ ਹੈ’ ਤੇ ਸੈਨਾ ਨੂੰ ਲਾਂਭੇ ਰੱਖ ਕੇ ‘ਸ਼ਿਵ ਸੈਨਾ’ ਨਹੀਂ ਸਕਦੀ। ਠਾਕਰੇ ਨੇ ਕਿਹਾ ਕਿ ਸ਼ਿੰਦੇ ਨੂੰ ਸ਼ਿਵ ਸੈਨਾ ਦਾ ਸੀਐੱਮ ਦੱਸ ਦੇ ਸ਼ਿਵ ਸੈਨਿਕਾਂ ਵਿੱਚ ਦੁਚਿੱਤੀ ਪੈਦਾ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਨੇ ਭਾਜਪਾ ’ਤੇ ਅਨੈਤਿਕ ਤਰੀਕਿਆਂ ਨਾਲ ਸੂਬੇ ਦੀ ਸੱਤਾ ਹਾਸਲ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਆਪਣੇ ਪਰਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਮਰਹੂਮ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਕੱਦਾਵਰ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਕਿਹਾ ਕਿ ਇਕ ਵਾਰ ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀਆਂ ਨੂੰ ਤੋੜ ਕੇ ਸੱਤਾ ਹਾਸਲ ਕਰਨ ਵਿੱਚ ਯਕੀਨ ਨਹੀਂ ਕਰਦੇ। ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। -ਪੀਟੀਆਈ
ਜਿੱਥੇ ਠਾਕਰੇ, ਉਥੇ ਸ਼ਿਵ ਸੈਨਾ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇੇ ਕਿਹਾ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਨਵੀਂ ਸਰਕਾਰ ਭਾਜਪਾ ਨੇ ਉਨ੍ਹਾਂ ਵਿਧਾਇਕਾਂ ਦੇ ਸਮੂਹ ਨਾਲ ਮਿਲ ਕੇ ਬਣਾਈ ਹੈ, ਜਿਨ੍ਹਾਂ ਨੇ ਪਾਰਟੀ ਤੋੜੀ ਹੈ। ਰਾਊਤ ਨੇ ਜ਼ੋਰ ਦੇ ਕੇ ਆਖਿਆ ਕਿ ਠਾਕਰੇ ਜਿੱਥੇ ਹਨ, ਸੈਨਾ ਵੀ ਉਥੇ ਹੈ। ਰਾਊਤ ਨੇ ਕਿਹਾ, ‘‘ਅਸੀਂ ਊਧਵ ਠਾਕਰੇ ਦੀ ਅਗਵਾਈ ਹੇਠ ਆਪਣੀ ਪਾਰਟੀ ਦਾ ਘੇਰਾ ਮੋਕਲਾ ਕਰਨ ਦੀਆਂ ਕੋਸ਼ਿਸ਼ਾਂ ਕਰਾਂਗੇ।’’