ਮੁੰਬਈ / ਲਾਤੂਰ, 7 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਂਦੇੜ ਦੌਰੇ ਤੋਂ ਇੱਕ ਦਿਨ ਪਹਿਲਾਂ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਅੱਜ ਪਾਰਟੀ ਦੀ ਨਾਂਦੇੜ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਉਮੇਸ਼ ਮੁੰਡੇ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿੰਦੇ ਭਲਕੇ ਸੋਮਵਾਰ ਨੂੰ ਨਾਂਦੇੜ ਦੇ ਇੱਕ ਰੋਜ਼ਾ ਦੌਰੇ ’ਤੇ ਹੋਣਗੇ। ਸ਼ਿਵ ਸੈਨਾ ਦੇ ਸਕੱਤਰ ਵਿਨਾਇਕ ਰਾਊਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਠਾਕਰੇ ਨੇ ਮੁੰਡੇ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।
ਇਸੇ ਦੌਰਾਨ ਸ਼ਿਵ ਸੈਨਾ ਦੀ ਲਾਤੂਰ ਜ਼ਿਲ੍ਹਾ ਇਕਾਈ ਦੇ ਸਾਬਕਾ ਪ੍ਰਧਾਨ ਬਲਵੰਤ ਜਾਧਵ ਨੇ ਏਕਨਾਥ ਸ਼ਿੰਦੇ ਧੜੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਜਾਧਵ ਨੇ ਕਿਹਾ ਕਿ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਪ੍ਰਤੀ ਉਨ੍ਹਾਂ ਦਾ ਸਤਿਕਾਰ ਬਿਲਕੁਲ ਘੱਟ ਨਹੀਂ ਹੋਇਆ ਪਰ ਔਰੰਗਾਬਾਦ ਦੇ ਸਾਬਕਾ ਲੋਕ ਸਭਾ ਮੈਂਬਰ ਚੰਦਰਕਾਂਤ ਖੈਰੇ ਦੀ ਅਗਵਾਈ ਤੋਂ ਉਹ ਨਿਰਾਸ਼ ਹਨ, ਜਿਸ ਕਰਕੇ ਉਹ ਸ਼ਿੰਦੇ ਧੜੇ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕੇ ਹਨ। -ਪੀਟੀਆਈ