ਬੰਗਲੁਰੂ, 29 ਅਗਸਤ
ਕਰਨਾਟਕ ’ਚ ਕੰਨੜ ਭਾਸ਼ਾ ਦੀ ਅੱਠਵੀਂ ਜਮਾਤ ਦੀ ਪੁਸਤਕ ਦੇ ਇਕ ਪੈਰੇ ’ਚ ਲਿਖਿਆ ਗਿਆ ਹੈ ਕਿ ‘ਵੀਡੀ ਸਾਵਰਕਰ ਜੇਲ੍ਹ ’ਚੋਂ ਬੁਲਬੁਲ ਉਤੇ ਸਵਾਰ ਹੋ ਕੇ ਮਾਤਭੂਮੀ ਆਉਂਦੇ ਸਨ ਤੇ ਵਾਪਸ ਜੇਲ੍ਹ ਪਰਤ ਜਾਂਦੇ ਸਨ।’ ਸਾਵਰਕਰ ’ਤੇ ਲਿਖਿਆ ਗਿਆ ਇਹ ਪੈਰਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਆਜ਼ਾਦੀ ਘੁਲਾਟੀਏ ਦਾ ‘ਗੁਣਗਾਣ’ ਕੀਤਾ ਗਿਆ ਹੈ। ਕਿਤਾਬ ਵਿਚਲੇ ਇਸ ਪਾਠ ਨੂੰ ਲੇਖਕ ਕੇਟੀ ਗੱਟੀ ਨੇ ਲਿਖਿਆ ਹੈ ਜਿਸ ਦਾ ਨਾਂ ‘ਕਲਾਵੰਨੂ ਗੇਡਾਵਰੂ’ ਹੈ। ਇਸ ਵਿਚ ਉਨ੍ਹਾਂ ਆਪਣੇ ਅੰਡੇਮਾਨ ਸੈਲੂਲਰ ਜੇਲ੍ਹ ਦੇ ਤਜਰਬੇ ਬਾਰੇ ਲਿਖਿਆ ਹੈ ਜਿੱਥੇ ਹਿੰਦੂਤਵ ਵਿਚਾਰਧਾਰਾ ਦੇ ਮੋਹਰੀ ਆਗੂ ਸਾਵਰਕਰ ਬੰਦ ਰਹੇ ਹਨ। ਪੈਰਾ ਅੱਠਵੀਂ ਜਮਾਤ ਦੀ ਕੰਨੜ (ਦੂਜੀ ਭਾਸ਼ਾ) ਦੀ ਪਾਠ ਪੁਸਤਕ ਦਾ ਹਿੱਸਾ ਹੈ ਤੇ ਇਸ ਨੂੰ ਵੀਡੀ ਸਾਵਰਕਰ ਨਾਂ ਦੇ ਅਧਿਆਏ ਵਿਚੋਂ ਲਿਆ ਗਿਆ ਹੈ। ਲੇਖਕ ਨੇ ਜੇਲ੍ਹ ਦੇ ਉਸ ਬੰਦੀ ਘਰ , ਜਿੱਥੇ ਸਾਵਰਕਰ ਬੰਦ ਸੀ, ਬਾਰੇ ਦੱਸਦਿਆਂ ਲਿਖਿਆ ਹੈ ਕਿ ‘ਸਾਵਰਕਰ ਦੇ ਸੈੱਲ ਵਿਚ ਇਕ ਸੁਰਾਖ਼ ਤੱਕ ਨਹੀਂ ਸੀ, ਪਰ ਕਿਸੇ ਤਰ੍ਹਾਂ ਬੁਲਬੁਲ ਉੱਥੇ ਉਡ ਕੇ ਆ ਜਾਂਦੀ ਸੀ ਤੇ ਸਾਵਰਕਰ ਉਸ ਦੇ ਖੰਭਾਂ ਉਤੇ ਬੈਠ ਕੇ ਆਪਣੀ ਮਾਤਭੂਮੀ ਪਹੁੰਚ ਜਾਂਦੇ ਸਨ ਤੇ ਮਗਰੋਂ ਮੁੜ ਜੇਲ੍ਹ ਆ ਜਾਂਦੇ ਸਨ।’ ਕਈ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਇਸ ਪੈਰੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਲੇਖਕ ਤੇ ਕਰਨਾਟਕ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਲੇਖਕ ਨੇ ਪਾਠ ਨੂੰ ਬੱਚਿਆਂ ਲਈ ਹਲਕੇ-ਫੁਲਕੇ ਤਰੀਕੇ ਨਾਲ ਅਲੰਕਾਰ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ‘ਇਹ ਬਹੁਤ ਮਾੜੇ ਢੰਗ ਦਾ ਸਿਆਸੀ ਪ੍ਰਚਾਰ ਹੈ’ ਤੇ ‘ਸਿੱਖਿਆ ਢਾਂਚੇ ਨੂੰ ਤਬਾਹ ਕਰ ਰਿਹਾ ਹੈ’। ਕਰਨਾਟਕ ਕਾਂਗਰਸ ਦੇ ਵਿਧਾਇਕ ਤੇ ਚੇਅਰਮੈਨ (ਸੰਚਾਰ) ਪ੍ਰਿਆਂਕ ਖੜਗੇ ਨੇ ਟਵੀਟ ਕਰ ਕੇ ਕਿਹਾ ਕਿ, ‘ਅਜਿਹਾ ਲੱਗਦਾ ਨਹੀਂ ਕਿ ਇਹ ਕੋਈ ਅਲੰਕਾਰ ਹੈ।’ ਜ਼ਿਕਰਯੋਗ ਹੈ ਕਿ ਜਿਸ ਪੁਸਤਕ ਵਿਚ ਇਹ ਪਾਠ ਹੈ, ਉਸ ਨੂੰ ਸੋਧਿਆ ਗਿਆ ਹੈ। -ਪੀਟੀਆਈ