ਨਵੀਂ ਦਿੱਲੀ, 29 ਜੂਨ
ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਅਗਨੀਪਥ ਯੋਜਨਾ ਦੀ ਹਮਾਇਤ ਵਾਲੇ ਬਿਆਨ ਤੋਂ ਪਾਰਟੀ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਾਂਗਰਸ ਨੇ ਕਿਹਾ ਕਿ ਇਹ ਤਿਵਾੜੀ ਦੇ ਆਪਣੇ ਵਿਚਾਰ ਹਨ ਅਤੇ ਪਾਰਟੀ ਦਾ ਉਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਕਾਂਗਰਸ ਦਾ ਮੰਨਣਾ ਹੈ ਕਿ ਫ਼ੌਜ ’ਚ ਭਰਤੀ ਦੀ ਨਵੀਂ ਯੋਜਨਾ ਕੌਮੀ ਸੁਰੱਖਿਆ ਅਤੇ ਨੌਜਵਾਨ ਵਿਰੋਧੀ ਹੈ। ਪਾਰਟੀ ਵੱਲੋਂ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਸੱਤਿਆਗ੍ਰਹਿ ਵੀ ਕੀਤਾ ਗਿਆ ਸੀ। ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ’ਚ ਤਿਵਾੜੀ ਨੇ ਲਿਖਿਆ ਹੈ ਕਿ ਅਗਨੀਵੀਰ ਭਰਤੀ ਸੁਧਾਰਾਂ ’ਚ ਇਕ ਅਹਿਮ ਕਦਮ ਹੈ ਅਤੇ ਰੱਖਿਆ ਸੁਧਾਰ ਕਰਦਿਆਂ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇ ਤੇ ਹਥਿਆਰਬੰਦ ਸੈਨਾਵਾਂ ਦਾ ਪੁਨਰਗਠਨ ਕਰਕੇ ਥੀਏਟਰ ਕਮਾਂਡ ’ਚ ਤਬਦੀਲ ਕੀਤਾ ਜਾਵੇ। ਲੇਖ ਦੇ ਜਵਾਬ ’ਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਕਿਹਾ,‘‘ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅਗਨੀਪਥ ਬਾਰੇ ਲੇਖ ਲਿਖਿਆ ਹੈ। ਕਾਂਗਰਸ ਦਾ ਮੰਨਣਾ ਹੈ ਕਿ ਇਹ ਯੋਜਨਾ ਬਿਨਾਂ ਵਿਚਾਰ ਵਟਾਂਦਰੇ ਦੇ ਲਿਆਂਦੀ ਗਈ ਹੈ।’’ ਇਸ ਮਗਰੋਂ ਤਿਵਾੜੀ ਨੇ ਰਮੇਸ਼ ਨੂੰ ਜਵਾਬ ਦ ਿੰਦਿਆਂ ਕਿਹਾ ਕਿ ਲੇਖ ਦੇ ਅਖੀਰ ’ਚ ਦੱਸਿਆ ਗਿਆ ਹੈ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਲੋਕ ਸਭਾ ਮੈਂਬਰ ਨੇ ਲੇਖ ਦਾ ਸਕਰੀਨ ਸ਼ਾਟ ਵੀ ਨੱਥੀ ਕੀਤਾ ਹੈ। -ਪੀਟੀਆਈ