ਨਵੀਂ ਦਿੱਲੀ, 31 ਅਕਤੂਬਰ
ਸਰਕਾਰੀ ਖੇਤੀਬਾੜੀ ਖੋਜ ਸੰਸਥਾ ‘ਆਈਸੀਏਆਰ’ ਇਸ ਹਾੜ੍ਹੀ ਸੀਜ਼ਨ ਦੌਰਾਨ ਜੀਐਮ-ਸਰ੍ਹੋਂ ਦੀ ਹਾਈਬ੍ਰਿਡ ਕਿਸਮ ਡੀਐਮਐਚ-11 ਦੇ ਫੀਲਡ ਪ੍ਰੀਖਣ ਕਰ ਸਕੇਗੀ। ਇਸ ਨੂੰ ਤਿੰਨ ਸਾਲਾਂ ਦੇ ਅੰਦਰ ਵਪਾਰਕ ਵਰਤੋਂ ਲਈ ਉਪਲਬਧ ਕਰਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 25 ਅਕਤੂਬਰ ਨੂੰ ਵਾਤਾਵਰਨ ਮੰਤਰਾਲੇ ਨੇ ਹਾਈਬ੍ਰਿਡ ਕਿਸਮ ਨੂੰ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਸੀ। ਖੇਤੀਬਾੜੀ ਵਿਗਿਆਨ ਬਾਰੇ ਕੌਮੀ ਅਕਾਦਮੀ ਦੇ ਪ੍ਰਧਾਨ ਤ੍ਰਿਲੋਚਨ ਮੋਹਾਪਾਤਰਾ ਨੇ ਦੱਸਿਆ ਕਿ ਡੀਐਮਐਚ-11 ਨੂੰ ਮਿਲੀ ਵਾਤਾਵਰਨ ਬਾਰੇ ਮਨਜ਼ੂਰੀ ‘ਵੱਡਾ ਫ਼ੈਸਲਾ’ ਹੈ। ਇਸ ਨਾਲ ਜੀਐਮ ਖ਼ੁਰਾਕੀ ਫ਼ਸਲਾਂ ਦੀ ਰਿਲੀਜ਼ ਉਤੇ ਲੰਮੇ ਸਮੇਂ ਤੋਂ ਲੱਗੀ ਰੋਕ ਦੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੋਜ ਸੰਗਠਨ 10-15 ਦਿਨਾਂ ਵਿਚ ਰਾਜਸਥਾਨ, ਹਰਿਆਣਾ, ਪੰਜਾਬ ਤੇ ਮੱਧ ਪ੍ਰਦੇਸ਼ ਦੇ ਮੁੱਖ ਤੌਰ ’ਤੇ ਸਰ੍ਹੋਂ ਉਗਾਉਣ ਵਾਲੇ ਇਲਾਕਿਆਂ ਵਿਚ ਪ੍ਰੀਖਣ ਸ਼ੁਰੂ ਕਰ ਦੇਵੇਗਾ। -ਪੀਟੀਆਈ