ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਤੱਖਦਰਸ਼ੀਆਂ ਦੇ ਬਿਆਨ ਕਲਮਬੰਦ ਕਰਨ ’ਚ ਦੇਰੀ ਹੋਣ ਕਾਰਨ ਹੀ ਉਨ੍ਹਾਂ ਦੀਆਂ ਗਵਾਹੀਆਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ ਹਨ। ਸਿਖਰਲੀ ਅਦਾਲਤ ਨੇ ਚਾਰ ਵਿਅਕਤੀਆਂ ਵੱਲੋਂ ਹੱਤਿਆ ਕੇਸ ’ਚ ਆਪਣੀ ਸਜ਼ਾ ਖ਼ਿਲਾਫ਼ ਪਾਈ ਗਈ ਅਪੀਲ ਨੂੰ ਰੱਦ ਕਰ ਦਿੱਤਾ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਰਿਕਾਰਡ ’ਚ ਦਰਜ ਤੱਥ ਮੁਲਜ਼ਮਾਂ ਵੱਲੋਂ ਫੈਲਾਏ ਗਏ ਡਰ ਦੀ ਪੱਕੇ ਤੌਰ ’ਤੇ ਗਵਾਹੀ ਭਰਦੇ ਹਨ। ਬੈਂਚ ਨੇ ਕਿਹਾ ਕਿ ਜੇਕਰ ਚਸ਼ਮਦੀਦ ਡਰਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਕੁਝ ਸਮੇਂ ਲਈ ਸਾਹਮਣੇ ਨਹੀਂ ਆਉਂਦੇ ਹਨ ਤਾਂ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾਣ ’ਚ ਦੇਰੀ ਨੂੰ ਸਮਝਿਆ ਜਾ ਸਕਦਾ ਹੈ। ਸੁਪਰੀਮ ਕੋਰਟ ਚਾਰ ਮੁਲਜ਼ਮਾਂ ਨੂੰ ਕਲਕੱਤਾ ਹਾਈ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਖ਼ਿਲਾਫ਼ ਪਾਈ ਗਈ ਅਪੀਲ ਦੀ ਸੁਣਵਾਈ ਕਰ ਰਿਹਾ ਸੀ। -ਪੀਟੀਆਈ