ਜੰਮੂ, 6 ਦਸੰਬਰ
ਸੀਨੀਅਰ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਅੱਜ ਕਿਹਾ ਕਿ ਦਹਿਸ਼ਤਗਰਦਾਂ ਨੂੰ ਬੰਦੂਕਾਂ ਛੱਡਕੇ ਕਲਮ ਚੁੱਕਣੀ ਚਾਹੀਦੀ ਹੈ ਕਿਉਂਕਿ ਨਰਿੰਦਰ ਮੋਦੀ ਸਰਕਾਰ ਜੰਮੂ ਕਸ਼ਮੀਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਵਚਨਬੱਧ ਹੈ। ਹਾਲਾਂਕਿ ਭਾਜਪਾ ਆਗੂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਜਿਹੜੇ ਲੋਕ ਹਿੰਸਾ ਦਾ ਰਾਹ ਛੱਡਣ ਲਈ ਤਿਆਰ ਨਹੀਂ ਹਨ, ਉਹ ‘ਖ਼ਾਤਮੇ ਲਈ ਤਿਆਰ ਰਹਿਣ।’ ਭਾਜਪਾ ਦੇ ਕੌਮੀ ਬੁਲਾਰੇ ਨੇ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦੇ ਸਿਰ ਦਾ ਤਾਜ ਹੈ ਤੇ ਕੇਂਦਰ ਸਰਕਾਰ ਇਸ ਨੂੰ ਵਿਕਾਸ ਦੇ ਮਾਮਲੇ ਵਿਚ ਵੀ ਉਚਾਈਆਂ ਉਤੇ ਲਿਜਾਣ ਲਈ ਵਚਨਬੱਧ ਹੈ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਿਜਲੀ, ਪਾਣੀ ਤੇ ਚੰਗੀਆਂ ਸੜਕਾਂ ਯਕੀਨੀ ਬਣਾਏਗੀ। ਉਨ੍ਹਾਂ ਕਾਂਗਰਸ ਤੇ ਗੁਪਕਾਰ ਗੱਠਜੋੜ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜ਼ਿੰਮੇਵਾਰੀ ਤੋਂ ਭਾਜਪਾ ਭੱਜੇਗੀ ਨਹੀਂ ਤੇ ਹਨੇਰਾ ਦੂਰ ਕਰੇਗੀ। ਸਾਬਕਾ ਕੇਂਦਰੀ ਮੰਤਰੀ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੇ ਮਾਮਲੇ ’ਚ 15 ਦਿਨ ਤੋਂ ਜੰਮੂ ਕਸ਼ਮੀਰ ਵਿਚ ਰੁਕੇ ਹੋਏ ਹਨ। ਉਹ ਜੰਮੂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ। ਅਗਲੇ ਤਿੰਨ ਦਿਨਾਂ ਦੌਰਾਨ ਚੋਣ ਪ੍ਰਚਾਰ ਲਈ ਉਹ ਡੋਡਾ ਵੀ ਜਾਣਗੇ। ਹੁਸੈਨ ਨੇ ਕਿਹਾ ਕਿ ਮੋਦੀ ਸਰਕਾਰ ਦਹਿਸ਼ਤਗਰਦੀ ਖ਼ਿਲਾਫ਼ ਲੜ ਰਹੀ ਹੈ ਤੇ ਲੋਕਾਂ ਨੂੰ ਵੰਡਣ ਵਾਲਿਆਂ ਨਾਲ ਵੀ ਨਜਿੱਠਿਆ ਜਾ ਰਿਹਾ ਹੈ। -ਪੀਟੀਆਈ