ਜੰਮੂ, 22 ਜੁਲਾਈ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕਰਦਿਆਂ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ। ਇਸੇ ਤਰ੍ਹਾਂ ਬਡਗਾਮ ਜ਼ਿਲ੍ਹੇ ਵਿੱਚ ਪੁਲੀਸ ਨੇ ਫੌਜ ਅਤੇ ਸੀਆਰਪੀਐੱਫ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਚਡੂਰਾ ਨਾਕੇ ’ਤੇ ਜੈਸ਼-ਏ-ਮੁਹੰਮਦ ਦੇ ਤਿੰਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ। ਇੱਕ ਹੋਰ ਮਾਮਲੇ ਵਿੱਚ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਕੁੰਡ ਵਿੱਚ ਅਤਿਵਾਦੀਆਂ ਨੇ ਅਬਦੁਲ ਰਾਸ਼ਿਦ ਨਾਂ ਦੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਰਾਜੌਰੀ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਦੱਸਿਆ ਕਿ ਮਨਿਆਲ ਖੇਤਰ ਵਿੱਚ ਸੁਰੱਿਖਆ ਬਲਾਂ ਨੇ ਮੰਗਲਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇੱਥੋਂ ਇੱਕ ਪੀਕਾ ਰਾਈਫਲ, ਇੱਕ ਚੀਨੀ ਪਿਸਤੌਲ, ਇੱਕ ਦੇਸੀ ਪਿਸਤੌਲ, ਇੱਕ ਏਕੇ ਮੈਗਜ਼ੀਨ, ਪਿਸਤੌਲ ਦੇ ਦੋ ਮੈਗਜ਼ੀਨ, ਪੀਕਾ ਦੀਆਂ 168 ਗੋਲੀਆਂ, ਏਕੇ ਪਿਸਤੌਲ ਦੀਆਂ 47 ਗੋਲੀਆਂ, ਹੋਰ ਪਿਸਤੌਲ ਦੀਆਂ ਚਾਰ ਗੋਲੀਆਂ ਅਤੇ ਦੋ ਯੂਬੀਜੀਐੱਲ ਗਰੇਨੇਡ ਬਰਾਮਦ ਹੋਏ। –ਪੀਟੀਆਈ