ਸ੍ਰੀਨਗਰ, 29 ਅਕਤੂਬਰ
ਵੱਖਵਾਦੀ ਸੰਗਠਨਾਂ ਨੂੰ ਫੰਡਿੰਗ ਕਰਨ ਦੇ ਮਾਮਲੇ ਵਿੱਚ ਜੰਮੂ ਕਸ਼ਮੀਰ ਅਤੇ ਬਾਹਰ ਚੱਲ ਰਹੀਆਂ ਰਜਿਸਟਰਡ ਤੇ ਗੈਰ ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ ਦੀ ਕੀਤੀ ਜਾ ਰਹੀ ਜਾਂਚ ਦੀ ਕੜੀ ਵਜੋਂ ਅੱਜ ਕੌਮੀ ਜਾਂਚ ਏਜੰਸੀ ਵੱਲੋਂ ਕੁਝ ਹੋਰ ਸੰਸਥਾਵਾਂ ’ਤੇ ਛਾਪੇ ਮਾਰੇ ਗਏ। ਇਨ੍ਹਾਂ ਸੰਸਥਾਵਾਂ ਦਾ ਇਸਤੇਮਾਲ ਕਥਿਤ ਤੌਰ ’ਤੇ ਦਹਿਸ਼ਤੀ ਗਤੀਵਿਧੀਆਂ ਲਈ ਧਨ ਮੁਹੱਈਆ ਕਰਵਾਉਣ ਵਾਸਤੇ ਕੀਤਾ ਜਾ ਰਿਹਾ ਹੈ। ਲਗਾਤਾਰ ਦੂਜੇ ਦਿਨ, ਇਕ ਇੰਸਪੈਕਟਰ ਜਨਰਲ ਦੀ ਨਿਗਰਾਨੀ ਹੇਠ ਇਕ ਡੀਆਈਜੀ ਦੇ ਨਾਲ ਐੱਨਆਈਏ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੌਮੀ ਰਾਜਧਾਨੀ ਸਮੇਤ ਨੌਂ ਥਾਵਾਂ ’ਤੇ ਛਾਪੇ ਮਾਰੇ ਗਏ। ਕੌਮੀ ਰਾਜਧਾਨੀ ਵਿੱਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜ਼ਫ਼ਰੁਲ-ਇਸਲਾਮ ਖ਼ਾਨ ਦੀ ਅਗਵਾਈ ਵਾਲੀ ਇਕ ਗੈਰ ਸਰਕਾਰੀ ਸੰਸਥਾ ‘ਚੈਰਿਟੀ ਅਲਾਇੰਸ’ ’ਤੇ ਛਾਪਾ ਮਾਰਿਆ ਗਿਆ। ਇਸ ਤੋਂ ਇਲਾਵਾ ਹੋਰ ਜਿਹੜੀਆਂ ਥਾਵਾਂ ’ਤੇ ਐੱਨਆਈਏ ਵੱਲੋਂ ਛਾਪੇ ਮਾਰੇ ਗਏ ਉਨ੍ਹਾਂ ਵਿੱਚ ਅਨੰਤਨਾਗ ਵਿੱਚ ਸ਼ਬੀਰ ਅਹਿਮਦ ਬਾਬਾ ਦੀ ਅਗਵਾਈ ਵਾਲੀ ਹਿਊਮਨ ਵੈੱਲਫੇਅਰ ਫਾਊਂਡੇਸ਼ਨ, ਪਾਬੰਦੀਸ਼ੁਦਾ ਜੰਮੂ ਕਸ਼ਮੀਰ ਜਮਾਤ-ਏ-ਇਸਲਾਮ ਅਧੀਨ ਕੰਮ ਕਰਦੇ ਫਲਾਹ-ਏ-ਆਮ ਟਰੱਸਟ, ਜੇਕੇ ਯਤੀਮ ਫਾਊਂਡੇਸ਼ਨ, ਸਾਲਵੇਸ਼ਨ ਮੂਵਮੈਂਟ ਅਤੇ ਜੇਕੇ ਵੁਆਇਸ ਆਫ਼ ਵਿਕਟਮਜ਼ ਸੰਸਥਾਵਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕੁਝ ਸੰਸਥਾਵਾਂ ਦੀ ਅਗਵਾਈ ਹੁਰੀਅਤ ਕਾਨਫ਼ਰੰਸ ਦੇ ਜ਼ਫ਼ਰ ਅਕਬਰ ਸਮੇਤ ਕੱਟੜ ਵੱਖਵਾਦੀਆਂ ਵੱਲੋਂ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਐੱਨਜੀਓਜ਼ ਤੇ ਟਰੱਸਟਾਂ ਖ਼ਿਲਾਫ਼ ਭਰੋਸੇਯੋਗ ਸੂਚਨਾ ਮਿਲਣ ਤੋਂ ਬਾਅਦ 8 ਅਕਤੂਬਰ ਨੂੰ ਆਈਪੀਸੀ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਗਿਆ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ ਕਿ ਇਹ ਸੰਸਥਾਵਾਂ ਤੇ ਟਰੱਸਟ ਦੇਸ਼-ਵਿਦੇਸ਼ ’ਚੋਂ ਦਾਨ ਇਕੱਤਰ ਕਰਦੇ ਹਨ ਅਤੇ ਉਸ ਦਾ ਇਸਤੇਮਾਲ ਜੰਮੂ ਕਸ਼ਮੀਰ ’ਚ ਦਹਿਸ਼ਤੀ ਗਤੀਵਿਧੀਆਂ ਦੀ ਫੰਡਿੰਗ ਵਜੋਂ ਕਰਦੇ ਹਨ।
ਉੱਧਰ, ਗੁਪਕਾਰ ਐਲਾਨਨਾਮਾ ਗੱਠਜੋੜ (ਪੀਏਜੀਡੀ) ਵੱਲੋਂ ਕਸ਼ਮੀਰ ਵਿੱਚ ਮਸ਼ਹੂਰ ਅੰਗਰੇਜ਼ੀ ਅਖ਼ਬਾਰ ‘ਗਰੇਟਰ ਕਸ਼ਮੀਰ’ ਅਤੇ ਕਈ ਗੈਰ ਸਰਕਾਰੀ ਸੰਸਥਾਵਾਂ ਦੇ ਦਫ਼ਤਰਾਂ ’ਤੇ ਐੱਨਆਈਏ ਵੱਲੋਂ ਮਾਰੇ ਗਏ ਛਾਪਿਆਂ ਦੀ ਨਿਖੇਧੀ ਕੀਤੀ ਗਈ। ਗੱਠਜੋੜ ਨੇ ਇਨ੍ਹਾਂ ਛਾਪਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। –ਪੀਟੀਆਈ
ਦਿੱਲੀ ਸੋਨਾ ਤਸਕਰੀ ਮਾਮਲਾ: ਐੱਨਆਈਏ ਵੱਲੋਂ ਅਸਾਮ ਤੇ ਮਹਾਰਾਸ਼ਟਰ ’ਚ ਚਾਰ ਥਾਈਂ ਛਾਪੇ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਵੱਲੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਅੱਠ ਵਿਅਕਤੀਆਂ ਕੋਲੋਂ ਬਰਾਮਦ ਕੀਤੇ ਗਏ 42 ਕਰੋੜ ਰੁਪਏ ਕੀਮਤ ਦੇ 83 ਕਿੱਲੋ ਸੋਨੇ ਦੇ ਸਬੰਧ ਵਿੱਚ ਅੱਜ ਅਸਾਮ ਦੇ ਗੁਹਾਟੀ ਅਤੇ ਮਹਾਰਾਸ਼ਟਰ ਦੇ ਸਾਂਗਲੀ ’ਚ ਚਾਰ ਥਾਈਂ ਛਾਪੇ ਮਾਰੇ ਗਏ। ਦਿੱਲੀ ਰੇਵਲੇ ਸਟੇਸ਼ਨ ’ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਮਿਆਂਮਾਰ ਤੇ ਨੇਪਾਲ ਨਾਲ ਸਬੰਧਤ ਸਨ। ਅੱਜ ਜਿਨ੍ਹਾਂ ਥਾਵਾਂ ’ਤੇ ਛਾਪੇ ਮਾਰੇ ਗਏ ਇਹ ਮੁਲਜ਼ਮਾਂ ਤੇ ਉਨ੍ਹਾਂ ਦੇ ਸੰਪਰਕ ਵਾਲਿਆਂ ਦੇ ਟਿਕਾਣੇ ਸਨ। ਇਹ ਜਾਣਕਾਰੀ ਐੱਨਆਈਏ ਦੇ ਇਕ ਬੁਲਾਰੇ ਨੇ ਦਿੱਤੀ। -ਪੀਟੀਆਈ