ਸ੍ਰੀਨਗਰ, 1 ਅਪਰੈਲ
ਇਥੋਂ ਦੇ ਨੌਗਾਮ ਇਲਾਕੇ ’ਚ ਭਾਜਪਾ ਆਗੂ ਦੀ ਰਿਹਾਇਸ਼ ’ਤੇ ਅੱਜ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਇਕ ਪੁਲੀਸ ਕਰਮੀ ਸ਼ਹੀਦ ਹੋ ਗਿਆ। ਬਾਰਾਮੂਲਾ ’ਚ ਭਾਜਪਾ ਦਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਕੁਪਵਾੜਾ ਜ਼ਿਲ੍ਹੇ ਦਾ ਇੰਚਾਰਜ ਅਨਵਰ ਅਹਿਮਦ ਹਮਲੇ ’ਚ ਵਾਲ-ਵਾਲ ਬਚ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਭਾਜਪਾ ਆਗੂ ਦੇ ਅਰੀਗਾਮ ਨੌਗਾਮ ਸਥਿਤ ਘਰ ਦੇ ਬਾਹਰ ਸੁਰੱਖਿਆ ਚੌਕੀ ’ਤੇ ਫਾਇਰਿੰਗ ਕੀਤੀ। ਗੋਲੀਬਾਰੀ ’ਚ ਕਾਂਸਟੇਬਲ ਰਮੀਜ਼ ਰਾਜਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸ਼ਹਿਰ ਦੇ ਐੱਸਐੱਮਐੱਚਐੱਸ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਨਜ਼ੀਰ ਚੌਧਰੀ ਨੇ ਦੱਸਿਆ ਕਿ ਸਿਪਾਹੀ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਦਹਿਸ਼ਤਗਰਦ ਮੌਕੇ ਤੋਂ ਐੱਸਐੱਲਆਰ ਰਾਈਫਲ ਲੈ ਕੇ ਫ਼ਰਾਰ ਹੋ ਗਏ। ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲੀਸ ਕਰਮੀ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਦਹਿਸ਼ਤੀ ਹਮਲੇ ਖ਼ਿੱਤੇ ’ਚ ਲੋਕਤੰਤਰ ਨੂੰ ਕਮਜ਼ੋਰ ਨਹੀਂ ਕਰ ਸਕਦੇ ਹਨ। ਜੰਮੂ-ਕਸ਼ਮੀਰ ਦੀ ਭਾਜਪਾ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਤਿਵਾਦੀ, ਉਨ੍ਹਾਂ ਦੇ ਆਕਾ ਅਤੇ ਹਮਦਰਦ ਲੋਕਾਂ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ ਹਨ। ਸਥਾਨਕ ਜਨਰਲ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਸਾਰੇ ਭਾਜਪਾ ਆਗੂ ਸ਼ਹੀਦ ਪੁਲੀਸ ਕਰਮੀ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਭਾਜਪਾ ਦੇ ਮੀਡੀਆ ਇੰਚਾਰਜ ਮਨਜ਼ੂਰ ਭੱਟ ਅਤੇ ਪਾਰਟੀ ਦੀ ਕਸ਼ਮੀਰ ਇਕਾਈ ਨੇ ਹਮਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਧਰ ਜੰਮੂ-ਕਸ਼ਮੀਰ ਕਾਂਗਰਸ ਕਮੇਟੀ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਵਾਦੀ ’ਚ ਵਿਗੜ ਰਹੇ ਹਾਲਾਤ ’ਤੇ ਚਿੰਤਾ ਜ਼ਾਹਰ ਕੀਤੀ। -ਪੀਟੀਆਈ