ਨਵੀਂ ਦਿੱਲੀ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨਿਆ ਕਿ ਦਹਿਸ਼ਤਵਾਦ ਵਿਸ਼ਵ ਨੂੁੰ ਦਰਪੇਸ਼ ਸਭ ਤੋਂ ਵੱਡੀ ਆਲਮੀ ਸਮੱਸਿਆ ਹੈ। ਉਨ੍ਹਾਂ ਪਾਕਿਸਤਾਨ ਵੱਲ ਅਸਿੱਧੇ ਢੰਗ ਨਾਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਗੱਲ ਯਕੀਨੀ ਬਣਾਉਣ ਦੀ ਲੋੜ ਹੈ ਕਿ ਦਹਿਸ਼ਤਗਰਦਾਂ ਦੀ ਮਦਦ ਅਤੇ ਪੁਸ਼ਤ-ਪਨਾਹੀ ਕਰਨ ਵਾਲੇ ਮੁਲਕਾਂ ਨੂੰ ਦੋਸ਼ੀ ਠਹਿਰਾਇਆ ਜਾਵੇ। ਉਨ੍ਹਾਂ ਇਹ ਟਿੱਪਣੀਆਂ ਵਰਚੁਅਲ ਢੰਗ ਨਾਲ ਕਰਵਾਏ ਗਏ 12ਵੇਂ ਬ੍ਰਿਕਸ ਸੰਮੇਲਨ ਮੌਕੇ ਕੀਤੀਆਂ। ਪੰਜ ਮੁਲਕਾਂ ਵਾਲੇ ਇਸ ਸਮੂਹ ਵੱਲੋਂ ਦਹਿਸ਼ਤਵਾਦ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਨਾਲ ਨਜਿੱਠਣ ਲਈ ਨਵੀਂ ਦਹਿਸ਼ਤਵਾਦ ਵਿਰੋਧੀ ਨੀਤੀ ਅਪਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਅਗਵਾਈ ’ਚ ਹੋਏ ਇਸ ਸੰਮੇਲਨ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਬ੍ਰਾਜੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਅਤੇ ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਸ਼ਾਮਲ ਸਨ।
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ, ਵਿਸ਼ਵ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਸਿਹਤ ਸੰਗਠਨ ਜਿਹੀਆਂ ਸੰਸਥਾਵਾਂ ’ਚ ਵੀ ਸੁਧਾਰ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਕੋਵਿਡ-19 ਸੰਕਟ ਤੇ ਇਸ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਿਕਸ ਮੁਲਕ ਇਸ ਮਹਾਮਾਰੀ ਤੋਂ ਬਾਅਦ ਵਿਸ਼ਵ ਪੱਧਰ ’ਤੇ ਸਥਿਤੀ ’ਚ ਸੁਧਾਰ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਣਗੇ ਤੇ ਭਾਰਤ ਵੱਲੋਂ ਵੈਕਸੀਨ ਦਾ ਨਿਰਮਾਣ ਤੇ ਵੰਡ ਮਨੁੱਖਤਾ ਦੇ ਹਿੱਤ ’ਚ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ‘ਸਵੈ-ਨਿਰਭਰ ਭਾਰਤ’ ਮੁਹਿੰਮ ਤਹਿਤ ਉਨ੍ਹਾਂ ਦੀ ਸਰਕਾਰ ਵੱਲੋਂ ਲਿਆਂਦੇ ਗਏ ਸੁਧਾਰਾਂ ਬਾਰੇ ਵੀ ਦੱਸਿਆ। ਉਨ੍ਹਾਂ ਭਾਰਤ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ 150 ਤੋਂ ਵੱਧ ਮੁਲਕਾਂ ਨੂੰ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਕਰਨ ਬਾਰੇ ਵੀ ਦੱਸਿਆ। ਭਾਰਤ ਵੱਲੋਂ ਬ੍ਰਿਕਸ ਦੀ ਅਗਵਾਈ ਵੱਲ ਸੰਕੇਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਡਿਜੀਟਲ ਸਿਹਤ ਅਤੇ ਰਵਾਇਤੀ ਦਵਾਈਆਂ ’ਚ ਸਹਿਯੋਗ ਵਧਾਉਣ ਦਾ ਕੰਮ ਵੀ ਕਰੇਗਾ। ਉਨ੍ਹਾਂ ਕਿਹਾ,‘ਸਾਲ 2012 ਵਿੱਚ ਸਾਡੀ ਅਗਵਾਈ ’ਚ ਅਸੀਂ ਬ੍ਰਿਕਸ ਸਮੂਹ ’ਚ ਸਹਿਯੋਗ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਉਦੇਸ਼ ਲਈ ਇੱਕ ਮਜ਼ਬੂਤ ਸੰਸਥਾਗਤ ਢਾਂਚਾ ਤਿਆਰ ਕਰਾਂਗੇ।
-ਪੀਟੀਆਈ