ਹੈਦਰਾਬਾਦ, 16 ਜਨਵਰੀ
ਹੈਦਰਾਬਾਦ ਦੇ ਇਤਿਹਾਸਕ ਸਿਕੰਦਰਾਬਾਦ ਕਲੱਬ ਦੀ ਇਮਾਰਤ ਵਿਚ ਐਤਵਾਰ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਮਾਰਤ ਦਾ ਜ਼ਿਆਦਾਤਰ ਹਿੱਸਾ ਸੁਆਹ ਹੋ ਗਿਆ। ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੀ ਗਸ਼ਤ ਟੁਕੜੀ ਨੇ ਤੜਕੇ 3.15 ਵਜੇ ਇਮਾਰਤ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਅਤੇ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫੌਜ ਦੀ ਫਾਇਰ ਬ੍ਰਿਗੇਡ ਸਮੇਤ ਸੱਤ ਫਾਇਰ ਟੈਂਡਰ ਨੂੰ ਮੌਕੇ ‘ਤੇ ਭੇਜਿਆ ਗਿਆ। ਸਵੇਰੇ 6 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ਬਹੁਤ ਗੰਭੀਰ ਸੀ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਘਟਨਾ ਦੀਆਂ ਤਸਵੀਰਾਂ ‘ਚ ਇਮਾਰਤ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ‘ਚ ਨਜ਼ਰ ਆ ਰਹੀ ਹੈ। ਸਿਕੰਦਰਾਬਾਦ ਕਲੱਬ ਦੀ ਵੈੱਬਸਾਈਟ ਅਨੁਸਾਰ ਕਲੱਬ ਦੀ ਸਥਾਪਨਾ ਬ੍ਰਿਟਿਸ਼ ਹਕੂਮਤ ਵੱਲੋਂ 1878 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਸਭ ਤੋਂ ਪੁਰਾਣੇ ਕਲੱਬਾਂ ਵਿੱਚੋਂ ਇੱਕ ਹੈ। 22 ਏਕੜ ਦੇ ਕੈਂਪਸ ਵਿੱਚ ਸਥਿਤ, ਕਲੱਬ ਦਾ ਸਦੀ ਪੁਰਾਣਾ ‘ਮੇਨ ਕਲੱਬ ਹਾਊਸ’ ਆਪਣੇ ਅਸਲੀ ਰੂਪ ਵਿੱਚ ਅੱਜ ਤੱਕ ਸੰਭਾਲਿਆ ਹੋਇਆ ਹੈ।