ਲਖਨਉੂ, 29 ਅਪਰੈਲ
ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ ਵਾਸਤੇ ਆਪਣੇ ਉਮੀਦਵਾਰਾਂ ਦੀ ਉੱਤਰ ਪ੍ਰਦੇਸ਼ ਲਈ ਅੱਜ ਦਸਵੀਂ ਸੂਚੀ ਜਾਰੀ ਕਰਦਿਆਂ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਤਾਪਗੜ੍ਹ ਹਲਕੇ ਤੋਂ ਪ੍ਰਥਮੇਸ਼ ਮਿਸ਼ਰਾ ਅਤੇ ਝਾਂਸੀ ਹਲਕੇ ਤੋਂ ਰਵੀ ਪ੍ਰਕਾਸ਼ ਕੁਸ਼ਵਾਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਮੇਠੀ ਹਲਕੇ ਤੋਂ ਨੰਨ੍ਹੇ ਸਿੰਘ ਚੌਹਾਨ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪਾਰਟੀ ਨੇ ਤਿੰਨ ਉਮੀਦਵਾਰਾਂ ਦੀ ਨੌਵੀਂ ਸੂਚੀ ਦਾ ਐਲਾਨ ਕੀਤਾ ਸੀ, ਜਿਸ ਤਹਿਤ ਅਮੇਠੀ ਹਲਕੇ ਤੋਂ ਰਵੀ ਪ੍ਰਕਾਸ਼ ਮੌਰਿਆ ਨੂੰ ਮੈਦਾਨ ’ਚ ਉਤਾਰਿਆ ਗਿਆ ਸੀ। ਸਈਅਦ ਦਾਨਿਸ਼ ਨੂੰ ਸੰਤ ਕਬੀਰ ਨਗਰ, ਸਬੀਹਾ ਅੰਸਾਰੀ ਨੂੰ ਆਜ਼ਮਗੜ੍ਹ ਹਲਕੇ ਤੋਂ ਟਿਕਟ ਦਿੱਤੀ ਗਈ ਸੀ। ਬਸਪਾ ਨੇ ਰਾਜ ਦੀਆਂ ਕੁੱਲ 80 ਸੰਸਦੀ ਸੀਟਾਂ ਵਿੱਚੋਂ 73 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। -ਪੀਟੀਆਈ