ਸੁਰੇਸ਼ ਐੱਸ ਡੁੱਗਰ
ਜੰਮੂ, 6 ਜੂਨ
ਡੋਡਾ ਦੇ ਭਦਰਵਾਹ ਵਿੱਚ ਪ੍ਰਾਚੀਨ ਵਾਸੁਕੀ ਨਾਗ ਮੰਦਰ ਵਿੱਚ ਤੋੜ-ਫੋੜ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਵੱਖ ਵੱਖ ਹਿੰਦੂ ਸੰਗਠਨ ਸੜਕ ’ਤੇ ਉਤਰ ਆਏ ਹਨ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਦਰ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਦਰਵਾਹ ਵਿੱਚ ਵੱਧਦੇ ਤਣਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪੂਰੇ ਕਸਬੇ ਵਿੱਚ ਸੁਰੱਖਿਆ ਵਿਵਸਥਾ ਵਧਾਉਣ ਦੇ ਨਾਲ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਭਦਰਵਾਹ ਵਿੱਚ ਘਟਨਾ ਨੂੰ ਲੈ ਕੇ ਥਾਂ ਥਾਂ ਪ੍ਰਦਰਸ਼ਨ ਹੋ ਰਹੇ ਹਨ। ਭਦਰਵਾਹ ਵਿੱਚ ਲਿੰਕ ਸੜਕਾਂ ਜਾਮ ਹਨ ਅਤੇ ਨਾਲ ਹੀ ਬਾਜ਼ਾਰ ਵਿੱਚ ਕਈ ਦੁਕਾਨਾਂ ਵੀ ਬੰਦ ਹਨ। ਕਈ ਪ੍ਰਦਰਸ਼ਨਕਾਰੀਆਂ ਨੇ ਲਕਸ਼ਮੀ ਨਾਰਾਇਣ ਮੰਦਰ ਚੌਕ ’ਤੇ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ, ਜਿਸ ਨਾਲ ਡੋਡਾ-ਭਦਰਵਾਹ ਮਾਰਗ ਬੰਦ ਹੋ ਗਿਆ। ਇਸ ਨਾਲ ਯਾਤਰੀਆਂ ਖ਼ਾਸ ਕਰ ਕੇ ਸੈਲਾਨੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।