ਲਖੀਮਪੁਰ ਖੀਰੀ, 17 ਸਤੰਬਰ
ਇੱਥੇ ਇੱਕ ਪਿੰਡ ’ਚ ਦੋ ਨੌਜਵਾਨਾਂ ਵੱਲੋਂ ਛੇੜਛਾੜ ’ਚ ਨਾਕਾਮ ਰਹਿਣ ’ਤੇ ਕਥਿਤ ਤੌਰ ’ਤੇ ਕੀਤੇ ਹਮਲੇ ’ਚ ਜ਼ਖ਼ਮੀ ਹੋਈ 20 ਸਾਲਾ ਲੜਕੀ ਦੀ ਮੌਤ ਮਗਰੋਂ ਪੂਰੇ ਪਿੰਡ ’ਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ। ਲੜਕੀ ਦੀ ਬੀਤੇ ਦਿਨ ਘਰ ’ਚ ਹੀ ਮੌਤ ਹੋ ਗਈ ਸੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲੜਕੀ 12 ਸਤੰਬਰ ਨੂੰ ਕਥਿਤ ਤੌਰ ’ਤੇ ਦੋ ਮੁਸਲਿਮ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋ ਗਈ ਸੀ। ਲੜਕੀ ਦੀ ਮੌਤ ਮਗਰੋਂ ਪੁਲੀਸ ਨੇ ਇਸ ਕੇਸ ’ਚ ਗੈਰ ਇਰਾਦਾ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਇੱਕ ਚੌਕੀ ਇੰਚਾਰਜ ਮੁਅੱਤਲ ਕਰ ਦਿੱਤਾ ਗਿਆ ਹੈ। ਖੀਰੀ ਪੁਲੀਸ ਨੇ ਅੱਜ ਜਾਰੀ ਕੀਤੇ ਬਿਆਨ ’ਚ ਕਿਹਾ ਇਸ ਮਾਮਲੇ ’ਚ ਪੁਲੀਸ ਜਾਂਚ ਤੇ ਲੜਕੀ ਦੀ ਮੌਤ ਮਗਰੋਂ ਐੱਫਆਈਆਰ ’ਚ ਧਾਰਾ 324 ਤੇ 304 ਜੋੜੀ ਗਈ ਹੈ। ਬਿਆਨ ਅਨੁਸਾਰ ਬੀਤੇ ਦਿਨ ਲੜਕੀ ਦੀ ਮੌਤ ਮਗਰੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਏਐੱਸਪੀ ਅਰੁਣ ਕੁਮਾਰ ਸਿੰਘ ਨੂੰ ਸੌਂਪੀ ਗਈ ਹੈ।
ਇਸੇ ਵਿਚਾਲੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਪਿੰਡ ’ਚ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਖਤ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਉਨ੍ਹਾਂ ਦੱਸਿਆ ਕਿ ਗੱਲਬਾਤ ਤੋਂ ਬਾਅਦ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਲਾਸ਼ ਪੋਸਟਮਾਰਟਮ ਲਈ ਭੇਜਣ ਲਈ ਰਾਜ਼ੀ ਕੀਤਾ। -ਪੀਟੀਆਈ
ਬਲੀਆ ’ਚ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ
ਬਲੀਆ: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਭੀਮਪੁਰਾ ਥਾਣਾ ਖੇਤਰ ਦੇ ਇੱਕ ਪਿੰਡ ’ਚ ਇੱਕ 20 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ’ਦੇ ਦੋ ਨੌਜਵਾਨਾਂ ਨੇ ਸਮੂਹਿਕ ਜਬਰ ਜਨਾਹ ਕੀਤਾ ਹੈ। ਪੁਲੀਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸੇ ਤਰ੍ਹਾਂ ਬਦਾਯੂੰ ਜ਼ਿਲ੍ਹੇ ’ਚ ਰੇਲਵੇ ਸਟੇਸ਼ਨ ਦੇ ਪਿੱਛੇ ਜੰਗਲ ’ਚੋਂ ਨਾਬਾਲਗ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੇ ਪਰਿਵਾਰ ਨੇ ਜਬਰ ਜਨਾਹ ਤੋਂ ਬਾਅਦ ਹੱਤਿਆ ਕੀਤੇ ਜਾਣ ਦੋਸ਼ ਲਾਇਆ ਹੈ। ਪੁਲੀਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਸਥਿਤੀ ਸਪੱਸ਼ਟ ਹੋਵੇਗੀ। -ਪੀਟੀਆਈ