ਸ਼ਿਵਮੋਗਾ(ਕਰਨਾਟਕ): ਇਥੇ ਤਿੰਨ ਵਿਅਕਤੀਆਂ ਵੱਲੋਂ ਇਕ 25 ਸਾਲਾ ਨੌਜਵਾਨ ’ਤੇ ਕੀਤੇ ਹਮਲੇ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਸੋਮਵਾਰ ਨੂੰ ਕਥਿਤ ਤੌਰ ’ਤੇ ਪ੍ਰਕਾਸ਼ ਨਾਮੀ ਨੌਜਵਾਨ ’ਤੇ ਹਮਲਾ ਕੀਤਾ। ਮੁਲਜ਼ਮਾਂ ਨੇ ਉਸ ’ਤੇ ਪੱਥਰ ਸੁੱਟੇ, ਕੁੱਟਮਾਰ ਕੀਤੀ ਤੇ ਕਥਿਤ ਤੌਰ ’ਤੇ ਆਰਐੱਸਐੱਸ ਤੇ ਹਿੰਦੂ ਕਾਰਕੁਨਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਸ ਹਮਲੇ ਵਿੱਚ ਪ੍ਰਕਾਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ਼ ਤੋਂ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਪੀੜਤ ਨੇ ਦੱਸਿਆ ਕਿ ਜਦੋਂ ਉਹ ਬੱਸ ਅੱਡੇ ਤੋਂ ਘਰ ਪਰਤ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕੀਤਾ। ਐਸਪੀ ਜੀਕੇ ਮਿਥੁਨ ਕੁਮਾਰ ਨੇ ਦੱਸਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਹਾਲਾਤ ਕਾਬੂ ਹੇਠ ਹਨ। -ਏਜੰਸੀ