ਨਵੀਂ ਦਿੱਲੀ, 30 ਅਕਤੂਬਰ
ਚੀਨੀ ਕੰਪਨੀ ਟੈੱਨਸੈਂਟ ਗੇਮਜ਼ ਨੇ ਅੱਜ ਤੋਂ ਭਾਰਤ ’ਚ ਪਬਜੀ ਮੋਬਾਈਲ ਦੀਆਂ ਸਾਰੀਆਂ ਸੇਵਾਵਾਂ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਪਿਛਲੇ ਮਹੀਨੇ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਊਨ੍ਹਾਂ ਇਹ ਫ਼ੈਸਲਾ ਲਿਆ ਹੈ। ਭਾਰਤ ਨੇ ਡੇਟਾ ਨਿੱਜਤਾ ਅਤੇ ਕੌਮੀ ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦਿੰਦਿਆਂ 2 ਸਤੰਬਰ ਨੂੰ ਗੇਮ ਪਬਜੀ ਮੋਬਾਈਲ ਸਮੇਤ ਚੀਨ ਨਾਲ ਜੁੜੇ 118 ਮੋਬਾਈਲ ਐਪਜ਼ ’ਤੇ ਪਾਬੰਦੀ ਲਗਾਈ ਸੀ। ਭਾਰਤ ਵੱਲੋਂ ਹੁਣ ਤੱਕ 224 ਚੀਨੀ ਮੋਬਾਈਲ ਐਪਜ਼ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਪਬਜੀ ਮੋਬਾਈਲ ਇੰਡੀਆ ਪੇਜ ਨੇ ਵੈੱਬਸਾਈਟ ’ਤੇ ਇਸ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਊਹ ਇਸ ਦੇ ਅਧਿਕਾਰ ਕੰਪਨੀ ਨੂੰ ਸੌਂਪਦੇ ਹਨ। ਊਨ੍ਹਾਂ ਕਿਹਾ ਕਿ ਯੂਜ਼ਰ ਡੇਟਾ ਦੀ ਸੁਰੱਖਿਆ ਊਨ੍ਹਾਂ ਦੀ ਪ੍ਰਾਥਮਿਕਤਾ ਰਹੀ ਹੈ ਅਤੇ ਸਾਰਾ ਕੰਮ ਪਾਰਦਰਸ਼ਿਤਾ ਨਾਲ ਹੁੰਦਾ ਸੀ। ਊਨ੍ਹਾਂ ਗੇਮ ਨੂੰ ਭਾਰਤ ’ਚ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। -ਪੀਟੀਆਈ