ਸ਼ਿਮਲਾ, 26 ਸਤੰਬਰ
ਮੁੱਖ ਅੰਸ਼
- ਰਾਸ਼ਟਰਪਤੀ ਮੁਰਮੂ, ਮੁੱਖ ਮੰਤਰੀ ਜੈਰਾਮ ਠਾਕੁਰ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਦੁੱਖ ਦਾ ਇਜ਼ਹਾਰ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੇਕਾਬੂ ਟੈਂਪੋ ਟਰੈਵਲਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਸੱਤ ਸੈਲਾਨੀ ਹਲਾਕ ਅਤੇ 10 ਹੋਰ ਜ਼ਖ਼ਮੀ ਹੋ ਗਏ। ਹਾਦਸਾ ਐਤਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਬੰਜਾਰ ਸਡ-ਡਿਵੀਜ਼ਨ ਵਿੱਚ ਘਿਯਾਗੀ ਨੇੜੇ ਹੋਇਆ। ਪੰਜ ਸੈਲਾਨੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਸ਼ਟਰਪਤੀ ਦਰੋਪਦੀ ਮੁਰਮੂ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਜ਼ਾਹਿਰ ਕੀਤਾ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ।
ਕੁੱਲੂ ਦੇ ਐੱਸਪੀ ਗੁਰਦੇਸ਼ ਸ਼ਰਮਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸੌਰਭ, ਪ੍ਰਿਯੰਕਾ ਗੁਪਤਾ, ਕਿਰਨ ਵਾਸੀ ਦਿੱਲੀ, ਰਿਸ਼ਭ ਰਾਜ, ਅੰਸ਼ਿਕਾ ਜੈਨ, ਆਦਿੱਤਿਆ ਤੇ ਅਨੰਨਮਾਇਆ ਵਾਸੀ ਯੂਪੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮਰਨ ਵਾਲਿਆਂ ਵਿੱਚੋਂ ਤਿੰਨ ਜਣੇ ਆਈਆਈਟੀ ਵਾਰਾਨਸੀ ਨਾਲ ਸਬੰਧਤ ਹਨ, ਪਰ ਹੁਣ ਪਤਾ ਲੱਗਾ ਹੈ ਕਿ ਉਹ ਜ਼ਖ਼ਮੀਆਂ ਵਿੱਚ ਸ਼ਾਮਲ ਹਨ। ਜ਼ਖ਼ਮੀਆਂ ਦੀ ਪਛਾਣ ਰਾਹੁਲ ਗੋਸਵਾਮੀ, ਸ਼ਿਤਿਜਾ ਅਗਰਵਾਲ, ਪ੍ਰਿਯਾਪਾਲ, ਇਸ਼ਾਨ ਗੁਪਤਾ ਵਾਸੀ ਹਰਿਆਣਾ, ਟੈਂਪੋ ਚਾਲਕ ਅਜੈ ਚੌਹਾਨ, ਅਭਿਨਵ ਸਿੰਘ, ਨਿਸ਼ਟਾ ਬਦੋਨੀ ਵਾਸੀ ਉੱਤਰ ਪ੍ਰਦੇਸ਼, ਰਸ਼ਵ ਵਾਸੀ ਨਵੀਂ ਦਿੱਲੀ, ਲਕਸ਼ਯਾ ਵਾਸੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਜੈ ਅਗਰਵਾਲ ਵਜੋਂ ਦੱਸੀ ਗਈ ਹੈ। ਭਾਜਪਾ ਵਿਧਾਇਕ ਸੁਰੇਂਦਰ ਸ਼ੌਰੀ ਨੇ ਸੋਮਵਾਰ ਵੱਡੇ ਤੜਕੇ ਪੌਣੇ ਬਾਰਾਂ ਵਜੇ ਦੇ ਕਰੀਬ ਫੇਸਬੁੱਕ ’ਤੇ ਪਾਈ ਵੀਡੀਓ ਰਾਹੀਂ ਆਪਣੇ ਹਲਕੇ ਦੇ ਲੋਕਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ। ਵਿਧਾਇਕ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਪਹਿਲਾਂ ਬੰਜਾਰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਮਗਰੋਂ ਉਨ੍ਹਾਂ ਨੂੰ ਕੁੱਲੂ ਖੇਤਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਵਿਧਾਇਕ ਨੇ ਹਾਦਸੇ ਵਾਲੀ ਥਾਂ ਘੁੱਪ ਹਨੇਰੇ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਚਲਾਏ ਰਾਹਤ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ
ਮਕਾਨ ਡਿੱਗਣ ਕਾਰਨ ਪੰਜ ਹਲਾਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਮਕਾਨ ਡਿੱਗ ਗਿਆ। ਹਾਦਸੇ ’ਚ ਇੱਕ ਮਹਿਲਾ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਰੋਨਹਾਟ ਨੇੜੇ ਖਿਜਵਾੜੀ ਪਿੰਡ ਵਿੱਚ ਵਾਪਰਿਆ। ਉਨ੍ਹਾਂ ਦੱਸਿਆ ਕਿ ਮਕਾਨ ਦੇ ਮਲਬੇ ਹੇਠ ਦੱਬਣ ਕਾਰਨ ਮਮਤਾ (27), ਉਸ ਦੀਆਂ ਤਿੰਨ ਧੀਆਂ ਆਰੰਗ (2), ਅਮੀਸ਼ਾ (6), ਇਸ਼ੀਤਾ (3) ਅਤੇ ਉਸ ਦੀ ਭਤੀਜੀ ਅਕਾਂਸ਼ਿਕਾ (7) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਘਰ ਦੇ ਅੰਦਰ ਸੁੱਤਾ ਹੋਇਆ ਸੀ। ਹਾਦਸੇ ਦੌਰਾਨ ਮਮਤਾ ਦੇ ਪਤੀ ਦੇ ਵੀ ਸੱਟਾਂ ਲੱਗੀਆਂ ਹਨ। -ਪੀਟੀਆਈ