ਹੈਦਰਾਬਾਦ, 16 ਅਕਤੂਬਰ
ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਬੀਆਰਐਸ ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਲੋਕਾਂ ਦੇ ਸਾਰੇ ਵਰਗਾਂ ਦਾ ਵਿਕਾਸ ਨਹੀਂ ਹੋ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੱਕ ਉਹ ਜ਼ਿੰਦਾ ਹਨ, ਰਾਜ ‘ਧਰਮ ਨਿਰਪੱਖ’ ਰਹੇਗਾ। ਹੈਦਰਾਬਾਦ ਤੋਂ ਲਗਪਗ 90 ਕਿਲੋਮੀਟਰ ਦੂਰ ਜਨਗਾਓਂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਓ ਨੇ ਜਨਤਾ ਨੂੰ ਸਥਾਨਕ ਉਮੀਦਵਾਰ ਨੂੰ ਵੋਟ ਦੇਣ ਦੀ ਬੇਨਤੀ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਦੀਆਂ ਗੱਲਾਂ ’ਚ ਨਾ ਆਉਣ। ਸਾਬਕਾ ਪੀਸੀਸੀ ਪ੍ਰਧਾਨ ਪੋਨਾਲਾ ਲਕਸ਼ਮਈਆ, ਜਨਿ੍ਹਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ, ਜਨਤਕ ਮੀਟਿੰਗ ਵਿੱਚ ਕੇਸੀਆਰ ਦੀ ਮੌਜੂਦਗੀ ਵਿੱਚ ਬੀਆਰਐਸ ਵਿੱਚ ਸ਼ਾਮਲ ਹੋ ਗਏ ਸਨ। ਰਾਓ ਨੇ ਪਾਰਟੀ ’ਚ ਉਨ੍ਹਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਸ ਰਾਜ ਵਿੱਚ ਕੋਈ ਫਿਰਕੂ ਤਣਾਅ ਨਹੀਂ ਸੀ। ਹੈਦਰਾਬਾਦ ਸ਼ਹਿਰ ਸ਼ਾਂਤ ਹੈ। ਸਾਡੀ (ਦੋਸਤਾਨਾ) ਉਦਯੋਗਿਕ ਨੀਤੀ ਕਾਰਨ ਲੱਖਾਂ ਕਰੋੜਾਂ ਰੁਪਏ ਦੇ ਨਿਵੇਸ਼ ਆ ਰਹੇ ਹਨ। ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਇਹ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ। -ਪੀਟੀਆਈ