ਹੈਦਰਾਬਾਦ, 22 ਅਗਸਤ
ਤਿਲੰਗਾਨਾ ਦੇ ਭਾਜਪਾ ਪ੍ਰਧਾਨ ਬਾਂਦੀ ਸੰਜੈ ਕੁਮਾਰ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੁੱਤੀ ਫੜ ਕੇ ਲਿਜਾਂਦੇ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਅਮਿਤ ਸ਼ਾਹ ਮੰਦਰ ਵਿੱਚੋਂ ਨਿਕਲ ਰਹੇ ਹਨ ਤੇ ਸੰਜੈ ਕੁਮਾਰ ਨੇ ਉਨ੍ਹਾਂ ਦੀ ਜੁੱਤੀ ਹੱਥ ਵਿੱਚ ਫੜੀ ਹੋਈ ਹੈ। ਇਸ ਮਗਰੋਂ ਤਿਲੰਗਾਨਾ ਰਾਸ਼ਟਰੀ ਸਮਿਤੀ ਤੇ ਕਾਂਗਰਸ ਨੇ ਸੰਜੈ ਕੁਮਾਰ ’ਤੇ ਦੱਖਣੀ ਸੂਬੇ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਟੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਕੇ.ਟੀ. ਰਾਮਾ ਰਾਓ ਨੇ ਭਾਜਪਾ ਪ੍ਰਧਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ‘ਤਿਲੰਗਾਨਾ ਦਿੱਲੀ ਦਾ ਗੁਲਾਮ’ ਹੈ ਜੋ ਕਿ ਉਨ੍ਹਾਂ ਦੇ ਜੋੜੇ ਚੁੱਕੀ ਫਿਰਦੇ ਹਨ। ਤਿਲੰਗਾਨਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਐੱਮ. ਟੈਗੋਰ ਨੇ ਵੀਡੀਓ ਦਾ ਹਵਾਲਾ ਦਿੰਦਿਆਂ ਕਥਿਤ ਦੋਸ਼ ਲਾਇਆ ਕਿ ਇਹ ਪੱਛੜੇ ਵਰਗਾਂ ਦੇ ਨੇਤਾਵਾਂ ਦੀ ਦਿੱਲੀ ਵਿੱਚ ਸਥਿਤੀ ਬਾਰੇ ਸਚਾਈ ਨੂੰ ਬਿਆਨ ਕਰਦੀ ਹੈ। -ਏਜੰਸੀ