ਹੈਦਰਾਬਾਦ: ਤਿਲੰਗਾਨਾ ਦੇ ਨਿਰਮਲ ਜ਼ਿਲ੍ਹੇ ਵਿੱਚ ਤਿੰਨ ਲੜਕੀਆਂ, ਜਿਨ੍ਹਾਂ ਵਿੱਚੋਂ ਦੋ ਭੈਣਾਂ ਸਨ, ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਝੀਲ ਵਿੱਚ ਡੁੱਬ ਗਈਆਂ। ਪੁਲੀਸ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਲਾਪਤਾ ਹੋਈਆਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਅੱਜ ਸ਼ਿੰਗਨਗਮ ਪਿੰਡ ਦੇ ਬਾਹਰਵਾਰ ਪਾਣੀ ਵਿੱਚੋਂ ਮਿਲੀਆਂ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਤੇ ਮੌਕੇ ਦਾ ਦੌਰੇ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਤਿੰਨੋਂ ਲੜਕੀਆਂ ਐਤਵਾਰ ਸ਼ਾਮ ਨੂੰ ਝੀਲ ਵੱਲ ਗਈਆਂ ਅਤੇ ਉੱਥੇ ਸੈਲਫੀਆਂ ਲਈਆਂ ਪਰ ਅਚਾਨਕ ਪੈਰ ਤਿਲਕਣ ਕਾਰਨ ਉਹ ਝੀਲ ’ਚ ਡੁੱਬ ਗਈਆਂ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ