ਹੈਦਰਾਬਾਦ, 7 ਮਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਤਿਲੰਗਾਨਾ ਵਿੱਚ ਪਾਰਟੀ ਵਰਕਰਾਂ ਨੂੰ ਇੱਕਜੁਟ ਰਹਿਣ ਦਾ ਸਪੱਸ਼ਟ ਸੁਨੇਹਾ ਦਿੱਤਾ ਅਤੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤਿਲੰਗਾਨਾ ਕਾਂਗਰਸ ਕਮੇਟੀ ਵਰਕਰਾਂ ਤੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਹੀ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਟਿਕਟਾਂ ਬਾਰੇ ਆਖਰੀ ਫੈਸਲਾ ਜਨਤਾ ਦੇ ਵਿਚਾਰ ਲੈਣ ਤੋਂ ਬਾਅਦ ਕੀਤਾ ਜਾਵੇਗਾ। ਰਾਹੁਲ ਨੇ ਕਿਹਾ, ‘‘ਅਸੀਂ ਤੁਹਾਡੀ ਸਾਰਿਆਂ ਦੀ ਗੱਲ ਸੁਣਨਾ ਚਾਹੁੰਦੇ ਹਾਂ ਪਰ ਮੀਡੀਆ ਰਾਹੀਂ ਨਹੀਂ। ਅਸੀਂ ਤੁਹਾਡੀਆਂ ਸ਼ਿਕਾਇਤਾਂ ਪਾਰਟੀ ਢਾਂਚੇ ਦੇ ਅੰਦਰ ਰਹਿ ਕੇ ਸੁਣਾਂਗੇ ਅਤੇ ਜੇਕਰ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਏਗਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਰਾਹੁਲ ਗਾਂਧੀ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਹਰਾਉਣ ਵਾਸਤੇ ਨੌਜਵਾਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਕਥਿਤ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਦੇ ਸੁਫਨੇ ਤੋੜ ਦਿੱਤੇ ਹਨ। -ਪੀਟੀਆਈ
ਜੇਲ੍ਹ ਵਿੱਚ ਐੱਨਐੱਸਯੂਆਈ ਆਗੂਆਂ ਨਾਲ ਕੀਤੀ ਮੁਲਾਕਾਤ
ਹੈਦਰਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਹੈਦਰਾਬਾਦ ਦੀ ਚੰਚਲਗੁੜਾ ਕੇਂਦਰੀ ਜੇਲ੍ਹ ਵਿਚ ਬੰਦ ਐੱਨਐੱਸਯੂਆਈ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਓਸਮਾਨੀਆ ਯੂਨੀਵਰਸਿਟੀ ਵਿਚ ਧਰਨਾ ਦੇਣ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿਲੰਗਾਨਾ ਦੇ ਦੌਰੇ ਦੇ ਦੂਜੇ ਦਿਨ ਰਾਹੁਲ ਜੇਲ੍ਹ ਗਏ ਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਦੇ 18 ਆਗੂਆਂ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਕਿਹਾ, ‘ਕਾਂਗਰਸ ਪਾਰਟੀ ਦੀ ਰੂਹ ਇਸ ਦੇ ਸਮਰਪਿਤ ਵਰਕਰ ਹਨ। ਉਹ ਅਨਿਆਂ ਖ਼ਿਲਾਫ਼ ਬਿਨਾਂ ਕਿਸੇ ਸੁਆਰਥ ਤੋਂ ਸੰਘਰਸ਼ ਕਰ ਰਹੇ ਹਨ। ਮੈਂ ਉਨ੍ਹਾਂ ਨਾਲ ਹਮੇਸ਼ਾ ਖੜ੍ਹਾਂਗਾ।’ -ਪੀਟੀਆਈ