ਹੈਦਰਾਬਾਦ, 27 ਅਕਤੂਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਚਾਰ ਦਿਨਾਂ ਬਾਅਦ ਤਿਲੰਗਾਨਾ ਦੇ ਨਾਰਾਇਣਪੇਟ ਜ਼ਿਲ੍ਹੇ ਦੇ ਮਕਥਲ ਤੋਂ ਅੱਜ ਮੁੜ ਸ਼ੁਰੂ ਹੋਈ। ਯਾਤਰਾ ਸਵੇਰੇ 6.30 ਵਜੇ ਮਕਥਲ ਤੋਂ ਸ਼ੁਰੂ ਹੋਈ, ਜਿਸ ਵਿੱਚ ਰਾਹੁਲ ਦੇ ਨਾਲ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਏ ਰੇਵੰਤ ਰੈੱਡੀ, ਕਾਂਗਰਸ ਵਿਧਾਇਕ ਦਲ (ਸੀਐੱਲਪੀ) ਦੇ ਨੇਤਾ ਭੱਟੀ ਵਿਕਰਮਾਰਕਾ ਅਤੇ ਕਈ ਹੋਰ ਪਾਰਟੀ ਆਗੂ ਸ਼ਾਮਲ ਹੋਏ।
ਸੂਬੇ ਵਿੱਚ ਯਾਤਰਾ ਦਾ ਇਹ ਦੂਜਾ ਦਿਨ ਹੈ। ਭਾਰਤ ਜੋੜੋ ਯਾਤਰਾ ਕਰਨਾਟਕ ਦੇ ਰਾਏਚੂਰ ਤੋਂ ਨਿਕਲਣ ਉਪਰੰਤ 23 ਅਕਤੂਬਰ ਨੂੰ ਸਵੇਰੇ ਗੁਡੇਬੈਲੂਰ ਦੇ ਰਸਤੇ ਤਿਲੰਗਾਨਾ ਵਿੱਚ ਦਾਖਲ ਹੋਈ ਸੀ। ਕੁਝ ਦੇਰ ਪੈਦਲ ਯਾਤਰਾ ਕਰਨ ਤੋਂ ਬਾਅਦ ਐਤਵਾਰ ਦੁਪਹਿਰ ਤੋਂ 26 ਅਕਤੂਬਰ ਤੱਕ ਇਸ ਯਾਤਰਾ ਨੂੰ ਆਰਾਮ ਦਿੱਤਾ ਗਿਆ ਸੀ। ਰਾਹੁਲ 23 ਅਕਤੂਬਰ ਨੂੰ ਕੌਮੀ ਰਾਜਧਾਨੀ ਚਲੇ ਗਏ ਸਨ। ਉਹ ਬੁੱਧਵਾਰ ਰਾਤ ਨੂੰ ਜਹਾਜ਼ ਰਾਹੀਂ ਹੈਦਰਾਬਾਦ ਪਹੁੰਚੇ ਅਤੇ ਸੜਕੀ ਮਾਰਗ ਰਾਹੀਂ ਗੁਡੇਬੈਲੂਰ ਗਏ।
ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਦੀ ਅਗਵਾਈ ਵਾਲੀ ਇਸ ਯਾਤਰਾ ਤਹਿਤ ਵੀਰਵਾਰ ਨੂੰ 26.7 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਇਸ ਤੋਂ ਬਾਅਦ ਮਕਥਲ ਸਥਿਤ ਸ੍ਰੀ ਬਾਲਾਜੀ ਫੈਕਟਰੀ ਵਿੱਚ ਰਾਤ ਦਾ ਠਹਿਰਾਅ ਕੀਤਾ ਗਿਆ।
ਮਕਥਲ ਤੋਂ ਤਿਲੰਗਾਨਾ ਦੇ ਵੱਖ-ਵੱਖ ਹਿੱਸਿਆਂ ਵਿੱਚ 16 ਦਿਨਾਂ ਤੱਕ ਯਾਤਰਾ ਜਾਰੀ ਰਹੇਗੀ। ਇਸ ਦੌਰਾਨ 19 ਵਿਧਾਨ ਸਭਾ ਸੀਟਾਂ ਅਤੇ ਸੱਤ ਸੰਸਦੀ ਖੇਤਰਾਂ ’ਚੋਂ ਲੰਘਦੇ ਹੋਏ 375 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਜਾਵੇਗਾ। ਭਾਰਤ ਜੋੜੋ ਯਾਤਰਾ 7 ਨਵੰਬਰ ਨੂੰ ਮਹਾਰਾਸ਼ਟਰ ਵਿੱਚ ਦਾਖ਼ਲ ਹੋਵੇਗੀ। ਯਾਤਰਾ ਦੌਰਾਨ 4 ਨਵੰਬਰ ਨੂੰ ਇਕ ਦਿਨ ਦਾ ਆਰਾਮ ਹੋਵੇਗਾ। -ਪੀਟੀਆਈ