ਹੈਦਰਾਬਾਦ, 7 ਮਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਤਿਲੰਗਾਨਾ ਵਿੱਚ ਪਾਰਟੀ ਵਰਕਰਾਂ ਨੂੰ ਇੱਕਜੁਟ ਰਹਿਣ ਦਾ ਸਪੱਸ਼ਟ ਸੁਨੇਹਾ ਦਿੱਤਾ ਅਤੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤਿਲੰਗਾਨਾ ਕਾਂਗਰਸ ਕਮੇਟੀ ਵਰਕਰਾਂ ਤੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਹੀ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ। ਰਾਹੁਲ ਨੇ ਕਿਹਾ, ‘‘ਅਸੀਂ ਤੁਹਾਡੀ ਸਾਰਿਆਂ ਦੀ ਗੱਲ ਸੁਣਨਾ ਚਾਹੁੰਦਾ ਹਾਂ ਪਰ ਮੀਡੀਆ ਰਾਹੀਂ ਨਹੀਂ। ਅਸੀਂ ਤੁਹਾਡੀਆਂ ਸ਼ਿਕਾਇਤਾਂ ਪਾਰਟੀ ਢਾਂਚੇ ਦੇ ਅੰਦਰ ਰਹਿ ਕੇ ਸੁਣਾਂਗੇ ਅਤੇ ਜੇਕਰ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਏਗਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ -ਪੀਟੀਆਈ