ਹੈਦਰਾਬਾਦ, 28 ਅਕਤੂਬਰ
ਤਿਲੰਗਾਨਾ ਵਿੱਚ ਹੈਦਰਾਬਾਦ ਦੀ ਅਦਾਲਤ ਨੇ ਸੱਤਾਧਾਰੀ ਤਿਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐੱਸ) ਦੇ ਚਾਰ ਵਿਧਾਇਕਾਂ ਨੂੰ ਪਾਲਾ ਬਦਲਣ ਲਈ ਲਾਲਚ ਦੇਣ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਲੀਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਦਾ ਪਾਲਣ ਨਾ ਕਰਨ ਕਾਰਨ ਪੁਲੀਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸਾਈਬਰਾਬਾਦ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਸੀ। ਵਿਧਾਇਕ ਪਾਇਲਟ ਰੋਹਿਤ ਰੈੱਡੀ ਦੀ ਸ਼ਿਕਾਇਤ ‘ਤੇ 26 ਅਕਤੂਬਰ ਦੀ ਰਾਤ ਨੂੰ ਰਾਮਚੰਦਰ ਭਾਰਤੀ ਉਰਫ਼ ਸਤੀਸ਼ ਸ਼ਰਮਾ, ਨੰਦਾ ਕੁਮਾਰ ਅਤੇ ਐੱਸ. ਸਵਾਮੀ ਵਿਰੁੱਧ ਅਪਰਾਧਿਕ ਸਾਜ਼ਿਸ਼, ਰਿਸ਼ਵਤ ਦੇਣਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।