ਹੈਦਰਾਬਾਦ, 21 ਅਗਸਤ
ਤਿਲੰਗਾਨਾ-ਆਂਧਰਾ ਪ੍ਰਦੇਸ਼ ਸਰਹੱਦ ’ਤੇ ਜ਼ਮੀਨ ਹੇਠਾਂ ਬਣੇ ਸ੍ਰੀਸੇਲਮ ਪਣਬਿਜਲੀ ਪਲਾਂਟ ’ਚ ਲੰਘੀ ਰਾਤ ਅੱਗ ਲੱਗਣ ਕਾਰਨ ਇੱਥੇ ਫਸੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ ਛੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਬਾਕੀ ਲਾਸ਼ਾਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਗਰ ਕੁਰਨੂਲ ਦੇ ਜ਼ਿਲ੍ਹਾ ਕੁਲੈਕਟਰ ਐੱਲ ਸ਼ਰਮਨ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਅੱਗ ਲੱਗੀ ਤਾਂ ਹੇਠਾਂ ਪਲਾਂਟ ’ਚ 17 ਵਿਅਕਤੀ ਸਨ ਜਿਨ੍ਹਾਂ ’ਚੋਂ ਅੱਠ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ ਜਦਕਿ ਬਾਕੀ ਹੇਠਾਂ ਹੀ ਫਸੇ ਰਹਿ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਜਿਨ੍ਹਾਂ ’ਚੋਂ ਇੱਕ ਦੀ ਪਛਾਣ ਸਹਾਇਕ ਇੰਜਨੀਅਰ ਸੁੰਦਰ ਨਾਇਕ ਵਜੋਂ ਹੋਈ ਸੀ ਤੇ ਉਸ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲੀਸ ਨੇ ਇੱਕ ਹੋਰ ਲਾਸ਼ ਦੀ ਪਛਾਣ ਸਹਾਇਕ ਇੰਜਨੀਅਰ ਮੋਹਨ ਕੁਮਾਰ ਵਜੋਂ ਕੀਤੀ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨ ਵੀ ਰਾਹਤ ਕਾਰਜ ’ਚ ਸ਼ਾਮਲ ਹੋਏ ਹਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ’ਚ ਲੱਗੀਆਂ ਹੋਈਆਂ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਛੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਹੋਣ ਮਗਰੋਂ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਹਸਪਤਾਲ ਜਾ ਕੇ ਪੀੜਤਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਮ੍ਰਿਤਕਾਂ ’ਚ ਇਕ ਮਹਿਲਾ ਸਮੇਤ ਸੱਤ ਜੈਨਕੋ ਦੇ ਮੁਲਾਜ਼ਮ ਤੇ ਦੋ ਪ੍ਰਾਈਵੇਟ ਫਰਮ ਦੇ ਮੁਲਾਜ਼ਮ ਸਨ। ਸ੍ਰੀ ਰੈੱਡੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇੱਕ ਡਿਪਟੀ ਇੰਜਨੀਅਰ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। -ਪੀਟੀਆਈ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਸੇਲਮ ਪਣਬਿਜਲੀ ਪ੍ਰਾਜੈਕਟ ’ਚ ਅੱਗ ਲੱਗਣ ਦੀ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਇਹ ਬਹੁਤ ਦੀ ਦੁਖਦਾਈ ਘਟਨਾ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।’ -ਪੀਟੀਆਈ