ਕੋਲਕਾਤਾ, 1 ਮਾਰਚ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਧਰਮ ਨਿਰਪੱਖ ਪਾਰਟੀਆਂ ਵਿਚਾਲੇ ਏਕਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬਿਹਾਰ ਮੂਲ ਦੇ ਲੋਕਾਂ ਨੂੰ ਤ੍ਰਿਣਮੂਲ ਕਾਂਗਰਸ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਸੂਬੇ ਦੇ ਸਕੱਤਰੇਤ ’ਚ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪਹਿਲ ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣਾ ਹੈ। ਹਾਲਾਂਕਿ ਉਨ੍ਹਾਂ ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਆਰਜੇਡੀ ਟੀਮਐੱਮਸੀ ਨਾਲ ਗੱਠਜੋੜ ਕਰਕੇ ਚੋਣ ਲੜੇਗੀ ਜਾਂ ਨਹੀਂ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਅਗਲੀਆਂ ਚੋਣਾਂ ‘ਆਦਰਸ਼ਾਂ ਤੇ ਮੁੱਲਾਂ’ ਨੂੰ ਬਚਾਉਣ ਦੀ ਲੜਾਈ ਹੋਵੇਗੀ। ਤੇਜਸਵੀ ਨੇ ਕਿਹਾ, ‘ਸਾਡੀ ਪਾਰਟੀ ਦਾ ਰੁਖ਼ ਮਮਤਾ ਬੈਨਰਜੀ ਨੂੰ ਪੂਰੀ ਹਮਾਇਤ ਦੇਣਾ ਹੈ।’ ਉਨ੍ਹਾਂ ਬਿਹਾਰ ਦੇ ਲੋਕਾਂ ਨੂੰ ਬੈਨਰਜੀ ਦੀ ਪਾਰਟੀ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ। ਬਾਅਦ ਵਿੱਚ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਜੇਲ੍ਹ ’ਚ ਬੰਦ ਲਾਲੂ ਪ੍ਰਸਾਦ ਯਾਦਵ ਦੇ ਮਨ ’ਚ ਇੱਕ-ਦੂਜੇ ਪ੍ਰਤੀ ਸਨਮਾਨ ਹੈ। ਉਨ੍ਹਾਂ ਕਿਹਾ, ‘ਜਦੋਂ ਅਸੀਂ ਲੜ ਰਹੇ ਹਾਂ। ਇਹ ਤੇਜਸਵੀ ਭਰਾ ਵੀ ਲੜ ਰਹੇ ਹਨ, ਅਸੀਂ ਨਾਲ ਹਾਂ।’ -ਪੀਟੀਆਈ