ਪਟਨਾ, 11 ਅਪਰੈਲ
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਹਾਗੱਠਜੋੜ ਵਿਚ ਮੁੜ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਸੱਦਾ ਤੇਜ ਪ੍ਰਤਾਪ ਵਲੋਂ ਟਵਿੱਟਰ ’ਤੇ ਦਿੱਤਾ ਗਿਆ ਹੈ। ਉਸ ਨੇ ਫਰੇਮ ਦੇ ਇਕ ਪਾਸੇ ਆਪਣੀ ਤਸਵੀਰ ਨਾਲ ਇਕ ਪੋਸਟਰ ਸਾਂਝਾ ਕੀਤਾ ਹੈ ਤੇ ਦੂਜੇ ਪਾਸੇ ‘ਐਂਟਰੀ ਨਿਤੀਸ਼ ਚਾਚਾ ਅੰਕਲ’ ਲਿਖਿਆ ਹੈ। ਤੇਜ ਪ੍ਰਤਾਪ ਦਾ ਇਹ ਸੱਦਾ ਉਸ ਵੇਲੇ ਆਇਆ ਹੈ ਜਦੋਂ ਭਾਜਪਾ ਤੇ ਜਨਤਾ ਦਲ ਯੂਨਾਈਟਿਡ ਦਰਮਿਆਨ ਕਈ ਮੁੱਦਿਆਂ ’ਤੇ ਟਕਰਾਅ ਚਲ ਰਿਹਾ ਹੈ ਜਿਨ੍ਹਾਂ ਵਿਚ ਜਾਤੀ ਆਧਾਰਿਤ ਜਨਗਣਨਾ, ਬਿਹਾਰ ਵਿਚ ਐਨਡੀਏ ਦੀ ਅਗਵਾਈ, ਸ਼ਰਾਬ ’ਤੇ ਪਾਬੰਦੀ ਤੇ ਕਾਨੂੰਨ ਪ੍ਰਣਾਲੀ ਦੇ ਮਾਮਲੇ ਸ਼ਾਮਲ ਹੈ। ਇਸ ਤੋਂ ਪਹਿਲਾਂ ਭਾਜਪਾ ਆਗੂ ਤੇ ਮੰਤਰੀ ਜਨਕ ਰਾਮ ਨੇ ਦਾਅਵਾ ਕੀਤਾ ਸੀ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ 77 ਸੀਟਾਂ ਨਾਲ ਵੱਡੀ ਪਾਰਟੀ ਵਜੋਂ ਉਭਰੀ ਹੈ ਜਦੋਂ ਕਿ ਜਨਤਾ ਦਲ ਯੂ ਨੂੰ ਸਿਰਫ 45 ਸੀਟਾਂ ਮਿਲੀਆਂ ਹਨ। ਇਸ ਕਰ ਕੇ ਮੁੱਖ ਮੰਤਰੀ ਭਾਜਪਾ ਦੇ ਕੋਟੇ ਵਿਚੋਂ ਹੋਣਾ ਚਾਹੀਦਾ ਹੈ। ਉਨ੍ਹਾਂ ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਵੇਲੇ ਲਾਊਡ ਸਪੀਕਰਾਂ ’ਤੇ ਪਾਬੰਦੀ ਲਾਉਣ ਦੀ ਵਕਾਲਤ ਕੀਤੀ ਸੀ। ਦੱਸਣਾ ਬਣਦਾ ਹੈ ਕਿ ਸਾਲ 2015 ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਜਨਤਾ ਦਲ ਯੂਨਾਈਟਿਡ ਨੇ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਤੇ ਸਰਕਾਰ ਬਣਾਈ ਸੀ। ਉਸ ਵੇਲੇ ਜਨਤਾ ਦਲ ਯੂਨਾਈਟਿਡ ਨੂੰ 69 ਸੀਟਾਂ ਤੇ ਰਾਸ਼ਟਰੀ ਜਨਤਾ ਦਲ ਨੂੰ 80 ਸੀਟਾਂ ਮਿਲੀਆਂ ਸਨ ਪਰ ਲਾਲੂ ਨੇ ਮੁੱਖ ਮੰਤਰੀ ਦਾ ਅਹੁਦਾ ਨਿਤੀਸ਼ ਕੁਮਾਰ ਨੂੰ ਹੀ ਦਿੱਤਾ ਸੀ। -ਆਈਏਐਨਐਸ