ਨਵੀਂ ਦਿੱਲੀ, 3 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਲਈ ਵਿੱਤੀ ਸ਼ਕਤੀਕਰਨ ਯਕੀਨੀ ਬਣਾਉਣ ਲਈ ਵਿੱਤੀ ਤਕਨਾਲੋਜੀ ਸਬੰਧੀ ਪਹਿਲਕਦਮੀ ਨੂੰ ਵਿੱਤੀ ਤਕਨਾਲੋਜੀ ਕ੍ਰਾਂਤੀ ਵਿਚ ਤਬਦੀਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਨਫਿਨਿਟੀ ਮੰਚ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਵਿੱਤੀ ਤਕਨਾਲੋਜੀ (ਫਿਨਟੈੱਕ) ਉਦਯੋਗ ਦਾ ਪੱਧਰ ਵਿਆਪਕ ਹੋ ਗਿਆ ਹੈ ਅਤੇ ਇਸ ਨੇ ਜਨਤਾ ਵਿਚਾਲੇ ਸਵੀਕਾਰਯੋਗਤਾ ਵਧਾਈ ਹੈ। ਉਨ੍ਹਾਂ ਕਿਹਾ, ‘‘ਹੁਣ, ਫਿਨਟੈੱਕ ਪਹਿਲ ਨੂੰ ਫਿਨਟੈੱਕ ਕ੍ਰਾਂਤੀ ਵਿਚ ਬਦਲਣ ਦਾ ਸਮਾਂ ਆ ਗਿਆ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਵਿੱਤ ਵਿਚ ਇਕ ਵੱਡਾ ਬਦਲਾਅ ਲਿਆ ਰਹੀ ਹੈ ਅਤੇ ਪਿਛਲੇ ਸਾਲ ਮੋਬਾਈਲ ਫੋਨ ਨਾਲ ਕੀਤਾ ਜਾਣ ਵਾਲਾ ਭੁਗਤਾਨ, ਏਟੀਐੱਮ ਕਾਰਡ ਨਾਲ ਕੀਤੀ ਜਾਣ ਵਾਲੀ ਪੈਸਿਆਂ ਦੀ ਨਿਕਾਸੀ ਨਾਲੋਂ ਜ਼ਿਆਦਾ ਸੀ। ਉਨ੍ਹਾਂ ਇਕ ਹੋਰ ਉਦਹਾਰਨ ਦਿੰਦੇ ਹੋਏ ਕਿਹਾ ਕਿ ਫਿਜ਼ੀਕਲ ਸ਼ਾਖਾ ਦਫ਼ਤਰਾਂ ਤੋਂ ਬਿਨਾ ਕੰਮ ਕਰਨ ਵਾਲੇ ਡਿਜੀਟਲ ਬੈਂਕ ਪਹਿਲਾਂ ਤੋਂ ਹੀ ਇਕ ਅਸਲੀਅਤ ਹਨ ਅਤੇ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿਚ ਇਹ ਆਮ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਜਿਵੇਂ-ਜਿਵੇਂ ਮਨੁੱਖ ਨੇ ਵਿਕਾਸ ਕੀਤਾ, ਉਸੇ ਤਰ੍ਹਾਂ ਸਾਡੇ ਲੈਣ-ਦੇਣ ਦਾ ਰੂਪ ਵੀ ਬਦਲਿਆ। ਚੀਜ਼ਾਂ ਬਦਲੇ ਚੀਜ਼ਾਂ ਦੇ ਲੈਣ-ਦੇਣ ਤੋਂ ਧਾਤ ਤੱਕ, ਸਿੱਕਿਆਂ ਤੋਂ ਨੋਟਾਂ ਤੱਕ, ਚੈੱਕ ਤੋਂ ਲੈ ਕੇ ਕਾਰਡ ਤੱਕ, ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ।’’ ਇਹ ਦੇਖਦੇ ਹੋਏ ਕਿ ਭਾਰਤ ਨੇ ਦੁਨੀਆ ਸਾਹਮਣੇ ਇਹ ਸਾਬਿਤ ਕਰ ਦਿੱਤਾ ਹੈ ਕਿ ਤਕਨਾਲੋਜੀ ਅਪਣਾਉਣ ਵਿਚ ਉਹ ਕਿਸੇ ਤੋਂ ਪਿੱਛੇ ਨਹੀਂ ਹੈ, ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਤਹਿਤ ਤਬਦੀਲੀਯੋਗ ਪਹਿਲ ਨੇ ਸ਼ਾਸਨ ਵਿਚ ਲਾਗੂ ਹੋਣ ਵਾਲੀਆਂ ਤਬਦੀਲੀਆਂ ਦੀਆਂ ਪਹਿਲਕਦਮੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। -ਪੀਟੀਆਈ
ਮੋਦੀ ਦਾ ਗੋਰਖਪੁਰਾ ਦੌਰਾ 7 ਨੂੰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਦਸੰਬਰ ਨੂੰ ਗੋਰਖਪੁਰ ਜਾਣਗੇ, ਜੋ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪਿਤਰੀ ਜ਼ਿਲ੍ਹਾ ਹੈ। ਸ੍ਰੀ ਮੋਦੀ ਆਪਣੀ ਇਸ ਫੇਰੀ ਦੌਰਾਨ 9600 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਪੀਐੱਮਓ ਨੇ ਇਕ ਬਿਆਨ ਵਿੱਚ ਕਿਹਾ ਕਿ ਸ੍ਰੀ ਮੋਦੀ ਗੋਰਖਪੁਰ ਫ਼ਰਟੀਲਾਈਜ਼ਰ ਪਲਾਂਟ ਦੇਸ਼ ਨੂੰ ਸਮਰਪਿਤ ਕਰਨਗੇ। -ਪੀਟੀਆਈ
ਮੋਦੀ ਅੱਜ ਦੇਹਰਾਦੂਨ ’ਚ ਰੈਲੀ ਨੂੰ ਕਰਨਗੇ ਸੰਬੋਧਨ
ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸ਼ਨਿਚਰਵਾਰ ਨੂੰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰ ਕੇ ਆਗਾਮੀ ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਾਅਦ ਦੁਪਹਿਰ 12.30 ਵਜੇ ਦੇਹਰਾਦੂਨ ਦੇ ਪਰੇਡ ਗਰਾਊਂਡ ਵਿਚ ਪਹੁੰਚਣਗੇ। -ਪੀਟੀਆਈ
ਦਿਵਿਆਂਗਾਂ ਨੂੰ ਸਮਰੱਥ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਸਰਕਾਰ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਦਿਵਿਆਂਗ ਦਿਵਸ ਮੌਕੇ ਦਿਵਿਆਂਗ ਵਿਅਕਤੀਆਂ ਵੱਲੋਂ ਕੀਤੀਆਂ ਗਈਆਂ ਵੱਡੀਆਂ ਪ੍ਰਾਪਤੀਆਂ ਅਤੇ ਦੇਸ਼ ਦੇ ਵਿਕਾਸ ਵਿਚ ਦਿਵਿਆਂਗਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਟਵੀਟ ਕੀਤਾ, ‘‘ਭਾਰਤ ਸਰਕਾਰ ਦਿਵਿਆਂਗਾਂ ਨੂੰ ਸਮਰੱਥ ਬਣਾਉਣ ਵਾਲੇ ਢਾਂਚੇ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।’’ -ਪੀਟੀਆਈ
ਮੋਦੀ ਵੱਲੋਂ ਸੇਂਟ ਫਰਾਂਸਿਸ ਜ਼ੇਵੀਅਰ ਦੇ ਦਿਹਾੜੇ ਮੌਕੇ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਂਟ ਫਰਾਂਸਿਸ ਜ਼ੇਵੀਅਰ ਦੇ ਦਿਹਾੜੇ ਮੌਕੇ ਅੱਜ ਗੋਆ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਗੋਆ ਦੇ ਮੇਰੇ ਭੈਣਾਂ ਤੇ ਭਰਾਵਾਂ ਨੂੰ ਸੇਂਟ ਫਰਾਂਸਿਸ ਜ਼ੇਵੀਅਰ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਇਹ ਦਿਨ ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਭਾਈਚਾਰੇ ਵਿੱਚ ਖ਼ੁਸ਼ੀਆਂ ਲੈ ਕੇ ਆਵੇ।’’ -ਪੀਟੀਆਈ