ਲਖਨਊ/ਭੁੁਬਨੇਸ਼ਵਰ/ਗੁਹਾਟੀ, 23 ਫਰਵਰੀ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਲਈ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਲਈ ਇਸ ਤਰੀਕੇ ਨਾਲ ਪੈਸਾ ਇਕੱਤਰ ਕਰਨਾ ‘ਪੂਰੀ ਤਰ੍ਹਾਂ ਪੱਖਪਾਤੀ’ ਹੈ। ਮਾਇਆਵਤੀ ਨੇ ਕਿਹਾ ਕਿ ਪਹਿਲਾਂ ਹੀ ਕੋਵਿਡ-19 ਮਹਾਮਾਰੀ, ਬੇਰੁਜ਼ਗਾਰੀ ਤੇ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਬੇਲੋੜਾ ਵਾਧਾ ਕਰਕੇ ਪ੍ਰੇਸ਼ਾਨ ਕਰਨਾ ਪੂਰੀ ਤਰ੍ਹਾ ਗ਼ਲਤ ਤੇ ਪੱਖਪਾਤੀ ਹੈ। ਉਨ੍ਹਾਂ ਕਿਹਾ ਕਿ ਟੈਕਸ ’ਚ ਵਾਧੇ ਨਾਲ ਲੋਕ ਭਲਾਈ ਦੇ ਕੰਮਾਂ ਲਈ ਫੰਡ ਇਕੱਠੇ ਕਰਨੇ ਤਰਕਸੰਗਤ ਨਹੀਂ ਹੈ। ਇਸ ਦੌਰਾਨ ਉੜੀਸਾ ਅਸੈਂਬਲੀ ਨੇ ਵੀ ਵਧੀਆਂ ਤੇਲ ਕੀਮਤਾਂ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ ਜਦੋਂਕਿ ਸੂਬਾ ਸਰਕਾਰ ਨੇ ਟੈਕਸਾਂ ਦੇ ਰੂਪ ’ਚ ਇਕੱਤਰ ਰਾਸ਼ੀ ਨੂੰ ਲੋਕ ਭਲਾਈ ਕੰਮਾਂ ਲਈ ਖਰਚਣ ਦਾ ਦਾਅਵਾ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਤੇਲ ਕੀਮਤਾਂ ’ਚ ਵਾਧੇ ਲਈ ਸੂਬਾ ਸਰਕਾਰ ਨੂੰ ਘੇਰਿਆ। ਉਧਰ ਅਸਾਮ ਵਿੱਚ ਅੱਜ ਲਗਾਤਾਰ ਤੀਜੇ ਦਿਨ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਸੂਬੇ ਦੇ ਪੈਟਰੋਲ ਡਿਪੂਆਂ ਅੱਗੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਸੂਬਾ ਸਰਕਾਰ ਵੱਲੋਂ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਖਿਲਾਫ਼ ਧਾਰੀ ਚੁੱਪੀ ’ਤੇ ਉਜਰ ਜਤਾਇਆ।
-ਪੀਟੀਆਈ