ਪਣਜੀ: ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਸੋਮਵਾਰ ਨੂੰ ਕਿਹਾ ਕਿ ਉਹ ਪੱਤਰਕਾਰ ਤਰੁਨ ਤੇਜਪਾਲ ਨੂੰ 2013 ਦੇ ਜਬਰ-ਜਨਾਹ ਦੇ ਕੇਸ ਵਿੱਚੋਂ ਬਰੀ ਕੀਤੇ ਜਾਣ ਦੇ ਵਿਰੁੱਧ ਗੋਆ ਸਰਕਾਰ ਦੀ ਅਪੀਲ ਦੀ ਵਰਚੁਅਲ ਸੁਣਵਾਈ 27 ਅਕਤੂਬਰ ਨੂੰ ਕਰੇਗੀ। ਗੋਆ ਦੇ ਐਡਵੋਕੇਟ ਜਨਰਲ ਦੇਵੀਦਾਸ ਪੰਗਮ ਤੇ ਤੇਜਪਾਲ ਦੇ ਵਕੀਲ ਵੱਲੋਂ ਅਗਲੀ ਸੁਣਵਾਈ ਦੀ ਤਰੀਕ ਮੰਗੇ ਜਾਣ ਤੋਂ ਬਾਅਦ ਜਸਟਿਸ ਐੱਮਐੱਸ ਸੋਨਕ ਅਤੇ ਜਸਟਿਸ ਐੱਮਐੱਸ ਜਵਾਲਕਰ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ 27 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਜਸਟਿਸ ਸੋਨਕ ਨੇ ਕਿਹਾ ਕਿ ਅਦਾਲਤ ਅਗਲੀ ਤਰੀਕ ਤੱਕ ਮਾਮਲੇ ਦੀ ਵਰਚੁਅਲ ਸੁਣਵਾਈ ਦਾ ਪ੍ਰਬੰਧ ਕਰੇਗੀ। ਇਸ ਮਾਮਲੇ ਦੀ ਸੁਣਵਾਈ ਵਰਚੁਅਲ ਹੋਵੇਗੀ ਕਿਉਂਕਿ ਗੋਆ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਭਾਰਤ ਦੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦਿੱਲੀ ਤੋਂ ਅਦਾਲਤੀ ਕਾਰਵਾਈ ਵਿੱਚ ਹਿੱਸਾ ਲੈਣਗੇ। ਐਡਵੋਕੇਟ ਜਨਰਲ ਪੰਗਮ ਨੇ ਕਿਹਾ ਕਿ ਸੋਮਵਾਰ ਨੂੰ ਸੁਣਵਾਈ ਅਗਲੀ ਤਰੀਕ (ਮਾਮਲੇ ਦੀ ਸੁਣਵਾਈ) ਦਾ ਫ਼ੈਸਲਾ ਕਰਨ ਲਈ ਰੱਖੀ ਗਈ ਸੀ। -ਪੀਟੀਆਈ