ਪਣਜੀ: ਗੋਆ ਦੀ ਸੈਸ਼ਨ ਅਦਾਲਤ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ ਆਪਣੀ ਸਾਬਕਾ ਮਹਿਲਾ ਸਾਥੀ ਨਾਲ ਜਬਰ-ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤੇਜਪਾਲ ’ਤੇ 2013 ’ਚ ਗੋਆ ਦੇ ਹੋਟਲ ਦੀ ਲਿਫ਼ਟ ’ਚ ਆਪਣੀ ਸਾਥੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਵਧੀਕ ਸੈਸ਼ਨ ਜੱਜ ਸ਼ਮਾ ਜੋਸ਼ੀ ਨੇ ਜਦੋਂ ਫ਼ੈਸਲਾ ਸੁਣਾਇਆ ਤਾਂ ਉਸ ਸਮੇਂ ਅਦਾਲਤ ’ਚ ਤਰੁਣ ਤੇਜਪਾਲ ਪਰਿਵਾਰਕ ਮੈਂਬਰਾਂ ਨਾਲ ਹਾਜ਼ਰ ਸਨ। ਵਕੀਲ ਰਾਜੀਵ ਗੋਮਜ਼ ਨੇ ਤੇਜਪਾਲ ਦੇ ਕੇਸ ਦੀ ਨੁਮਾਇੰਦਗੀ ਕੀਤੀ ਸੀ ਪਰ ਉਸ ਦਾ ਪਿਛਲੇ ਹਫ਼ਤੇ ਕਰੋਨਾ ਕਰਕੇ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਜੂਨੀਅਰ ਵਕੀਲ ਸੁਹਾਸ ਵੇਲਿਪ ਅਦਾਲਤ ’ਚ ਹਾਜ਼ਰ ਸੀ। ਇਸਤਗਾਸਾ ਧਿਰ ਨੇ ਕਿਹਾ ਕਿ ਉਹ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਣਗੇ। ਇਸ ਤੋਂ ਪਹਿਲਾਂ ਅਦਾਲਤ ਨੇ ਤਿੰਨ ਵਾਰ ਫ਼ੈਸਲੇ ਨੂੰ ਵੱਖ ਵੱਖ ਕਾਰਨਾਂ ਕਰਕੇ ਮੁਲਤਵੀ ਕੀਤਾ ਸੀ। ਫ਼ੈਸਲੇ ਮਗਰੋਂ ਤੇਜਪਾਲ ਵੱਲੋਂ ਜਾਰੀ ਬਿਆਨ ਉਸ ਦੀ ਧੀ ਤਾਰਾ ਨੇ ਪੜ੍ਹ ਕੇ ਸੁਣਾਇਆ ਜਿਸ ’ਚ ਉਸ ਨੇ ਨਿਰਪੱਖ ਅਤੇ ਆਜ਼ਾਦ ਮੁਕੱਦਮੇ ਲਈ ਅਦਾਲਤ ਦਾ ਧੰਨਵਾਦ ਕੀਤਾ। ਤੇਜਪਾਲ ਨੇ ਕਿਹਾ ਕਿ ਪਿਛਲੇ ਸਾਢੇ ਸੱਤ ਸਾਲ ਉਸ ਦੇ ਪਰਿਵਾਰ ਲਈ ਸਦਮੇ ਵਾਲੇ ਸਨ। ਸਰਕਾਰੀ ਵਕੀਲ ਫਰਾਂਸਿਸ ਟੈਵੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲਿਖਤੀ ਹੁਕਮ ਮਿਲਣ ਮਗਰੋਂ ਹਾਈ ਕੋਰਟ ’ਚ ਫ਼ੈਸਲੇ ਨੂੰ ਚੁਣੌਤੀ ਦੇਣਗੇ। ਗੋਆ ਪੁਲੀਸ ਨੇ ਤੇਜਪਾਲ ਖ਼ਿਲਾਫ਼ ਨਵੰਬਰ 2013 ’ਚ ਐੱਫਆਈਆਰ ਦਰਜ ਕੀਤੀ ਸੀ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੋਆ ਅਪਰਾਧ ਸ਼ਾਖਾ ਨੇ ਤੇਜਪਾਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਅਤੇ ਉਹ ਮਈ 2014 ਤੋਂ ਜ਼ਮਾਨਤ ’ਤੇ ਸੀ। -ਪੀਟੀਆਈ