ਮੁੰਬਈ, 6 ਜੂਨ
ਕਸ਼ਮੀਰ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਸਰਕਾਰ ’ਤੇ ਤਨਜ਼ ਕਸਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੋਕ ਸੰਤਾਪ ਝੱਲ ਰਹੇ ਹਨ, ਪਰ ‘ਰਾਜਾ’ ਜਸ਼ਨਾਂ ਵਿੱਚ ਰੁੱਝਿਆ ਹੋਇਆ ਹੈ। ਪਾਰਟੀ ਦੇ ਰੋਜ਼ਨਾਮਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਮੋਦੀ ਸਰਕਾਰ ਦੇ ਅੱਠ ਸਾਲ ਦੇ ਕਾਰਜਕਾਲ ਦੀ 8ਵੀਂ ਵਰ੍ਹੇਗੰਢ ’ਤੇ ਤਨਜ਼ ਕਸਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਧਾਰਾ 370 ਦੀਆਂ ਵਿਵਸਥਾਵਾਂ ਨੂੰ ਮਨਸੂਖ ਕਰਨ ਤੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ’ਤੇ ਕੀਤੇ ਸਰਜੀਕਲ ਹਮਲਿਆਂ ਦੇ ਪ੍ਰਚਾਰ ਪਾਸਾਰ ਵਿੱਚ ਰੁੱਝੀ ਹੈ, ਪਰ ਇਸ ਗੱਲੋਂ ਹੈਰਾਨੀ ਹੁੰਦੀ ਹੈ ਕਿ ਉਹ ਕਸ਼ਮੀਰੀ ਪੰਡਿਤਾਂ ਦੀਆਂ ਦੁੱਖ ਤਕਲੀਫਾਂ ਤੋਂ ਪੂਰੀ ਤਰ੍ਹਾਂ ਅਣਜਾਣ ਬਣੀ ਹੋਈ ਹੈ।
ਹਿੰਦੂਤਵ ਬਾਰੇ ਭਾਜਪਾ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਸੈਨਾ ਨੇ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ਵਾਦੀ ਵਿੱਚ ਹਿੰਦੂਆਂ ਦੀਆਂ ਹੱਤਿਆਵਾਂ ਨੂੰ ਲੈ ਕੇ ਖਾਮੋਸ਼ ਹਨ। ਮੋਦੀ ਸਰਕਾਰ ਦੇ ਕਾਰਜਕਾਲ ਦੀ 8ਵੀਂ ਵਰ੍ਹੇਗੰਢ ਨੂੰ ਸਮਰਪਿਤ ਜਸ਼ਨਾਂ ਦੇ ਹਵਾਲੇ ਨਾਲ ਪਾਰਟੀ ਨੇ ਕਿਹਾ, ‘‘ਕਸ਼ਮੀਰੀ ਲੋਕ ਸੰਤਾਪ ਝੱਲ ਰਹੇ ਹਨ, ਪਰ ਰਾਜਾ ਜਸ਼ਨਾਂ ਵਿੱਚ ਰੁੱਝਿਆ ਹੈ।’’ ਸੰਪਾਦਕੀ ਵਿੱਚ ਕਿਹਾ ਗਿਆ ਕਿ ਇੰਜ ਲਗਦਾ ਹੈ ਕਿ ਭਾਜਪਾ ਕਿਸੇ ਹੋਰ ਹੀ ਮਿੱਟੀ (ਸਾਰ ਅੰਸ਼) ਤੋਂ ਬਣੀ ਹੈ। ਸੰਪਾਦਕੀ ’ਚ ਕਿਹਾ ਗਿਆ ਹੈ, ‘‘ਇਹ ਲੋਕ ਹਿੰਦੂਤਵ ਤੇ ਰਾਸ਼ਟਰਵਾਦ ਨੂੰ ਲੈ ਕੇ ਉੱਚੀ ਉੱਚੀ ਸੰਘ ਪਾੜਦੇ ਹਨ। ਪਰ ਜਦੋਂ ਹਿੰਦੂ ਸੱਚਮੁਚ ਖ਼ਤਰੇ ਵਿੱਚ ਹੁੰਦੇ ਹਨ ਤਾਂ ਚੁੱਪ ਵੱਟ ਲੈਂਦੇ ਹਨ। ਭਾਜਪਾ ਤੇ ਕੇਂਦਰ ਸਰਕਾਰ ਵਾਦੀ ਵਿੱਚ ਹਿੰਦੂਆਂ ਦੀਆਂ ਹੱਤਿਆਵਾਂ ਨੂੰ ਲੈ ਕੇ ਚੁੱਪ ਹਨ।’’ ਸੈਨਾ ਨੇ ਪੁੱਛਿਆ, ‘‘ਸਰਜੀਕਲ ਹਮਲਿਆਂ ਦੇ ਬੰਬ ਕਿੱਥੇ ਫਟੇ ਸਨ।’’ ਸ਼ਿਵ ਸੈਨਾ ਨੇ ਕਿਹਾ ਕਿ ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਹਨ, ਜਿਨ੍ਹਾਂ ਕਿਹਾ ਕਿ ਸੂੁਬਾ ਕਸ਼ਮੀਰੀ ਪੰਡਿਤਾਂ ਦੀ ਹਮਾਇਤ ਕਰੇਗਾ। -ਪੀਟੀਆਈ
ਵਾਦੀ ਤੋਂ ਬਾਹਰ ਤਬਾਦਲਿਆਂ ਲਈ ਕਸ਼ਮੀਰੀ ਪੰਡਿਤਾਂ ਤੇ ਡੋਗਰਾ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ
ਜੰਮੂ: ਕਸ਼ਮੀਰ ਵਿੱਚ ਤਾਇਨਾਤ ਸਰਕਾਰੀ ਮੁਲਾਜ਼ਮਾਂ ਦੇ ਤਬਾਦਲਿਆਂ ਦੀ ਮੰਗ ਨੂੰ ਲੈ ਕੇ ਡੋਗਰਾ ਤੇ ਕਸ਼ਮੀਰੀ ਪੰਡਿਤਾਂ ਨੇ ਅੱਜ ਵੀ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਟਾਰਗੈੱਟ ਕਿਲਿੰਗਜ਼ ਦੇ ਹਵਾਲੇ ਇਹ ਭਾਈਚਾਰੇ ਕਸ਼ਮੀਰ ਤੋਂ ਬਾਹਰ ਤਬਾਦਲਿਆਂ ਦੀ ਮੰਗ ਲਈ ਬਜ਼ਿੱਦ ਹਨ। ਡੋਗਰਾ ਭਾਈਚਾਰੇ ਨਾਲ ਸਬੰਧਤ ਮੁਲਾਜ਼ਮਾਂ ਨੇ ਅੱਜ ਇਥੇ ਲਗਾਤਾਰ 6ਵੇਂ ਦਿਨ ਪਨਾਮਾ ਚੌਕ ਵਿੱਚ ‘ਆਲ ਜੰਮੂ ਬੇਸਡ ਰਿਜ਼ਰਵਡ ਕੈਟਾਗਰੀਜ਼ ਐਂਪਲਾਈਜ਼ ਐਸੋਸੀਏਸ਼ਨ’ ਦੇ ਬੈਨਰ ਹੇਠ ਧਰਨਾ ਦਿੱਤਾ। ਆਪਣੀ ਕੁਲੀਗ ਤੇ ਮਹਿਲਾ ਅਧਿਆਪਕ ਰਜਨੀ ਬਾਲਾ ਦੀ ਹੱਤਿਆ ਮਗਰੋਂ ਇਹ ਮੁਲਾਜ਼ਮ ਜੰਮੂ ਪਰਤ ਆਏ ਸਨ। ਉਧਰ ਪਰਵਾਸੀ ਕਸ਼ਮੀਰੀ ਪੰਡਿਤ ਕਾਰਕੁਨਾਂ ਦੇ ਸਮੂਹ ਨੇ ਵੱਖਰੇ ਤੌਰ ’ਤੇ ਇਥੇ ਪ੍ਰੈੱਸ ਕਲੱਬ ਵਿੱਚ ਪ੍ਰਦਰਸ਼ਨ ਕੀਤਾ। -ਪੀਟੀਆਈ