ਚੇਨੱਈ: ਡੀਐੱਮਕੇ ਪ੍ਰਧਾਨ ਐੱਮ ਕੇ ਸਟਾਲਿਨ ਦੇ ਮੰਤਰੀ ਮੰਡਲ ’ਚ ਉਨ੍ਹਾਂ ਸਮੇਤ 34 ਮੈਂਬਰ ਹੋਣਗੇ। ਸਟਾਲਿਨ ਦੇ ਦੁਰਈਮੁਰੂਗਨ ਵਰਗੇ ਸੀਨੀਅਰ ਆਗੂਆਂ ਨੂੰ ਆਪਣੇ ਮੰਤਰੀ ਮੰਡਲ ’ਚ ਕਾਇਮ ਰੱਖਿਆ ਹੈ ਅਤੇ ਨਾਲ ਹੀ 12 ਤੋਂ ਵੱਧ ਮੈਂਬਰ ਪਹਿਲੀ ਵਾਰ ਮੰਤਰੀ ਬਣਨਗੇ। ਰਾਜ ਭਵਨ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਹੈ ਕਿ ਚੁਣੇ ਗਏ ਮੁੱਖ ਮੰਤਰੀ ਸਟਾਲਿਨ ਵੱਲੋਂ ਮੰਤਰੀਆਂ ਵਜੋਂ ਨਿਯੁਕਤੀ ਲਈ ਦਿੱਤੀ ਗਈ ਵਿਅਕਤੀਆਂ ਦੀ ਸੂਚੀ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮਨਜ਼ੂਰੀ ਦੇ ਦਿੱਤੀ ਹੈ। ਸਟਾਲਿਨ ਨੂੰ ਭਲਕੇ ਮੁੱਖ ਮੰਤਰੀ ਵਜੋਂ ਹਲਫ਼ ਦਿਵਾਇਆ ਜਾਵੇਗਾ। ਸਟਾਲਿਨ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਉਹ ਗ੍ਰਹਿ ਤੋਂ ਇਲਾਵਾ ਜਨਤਕ ਤੇ ਸਿਵਲ ਪ੍ਰਸ਼ਾਸਨ ਸਮੇਤ ਆਲ ਭਾਰਤੀ ਸੇਵਾਵਾਂ, ਜ਼ਿਲ੍ਹਾ ਮਾਲ ਅਧਿਕਾਰੀ, ਵਿਸ਼ੇਸ਼ ਪ੍ਰੋਗਰਾਮ ਤੇ ਦਿਵਿਆਂਗਾਂ ਲਈ ਭਲਾਈ ਵਿਭਾਗ ਸੰਭਾਲਣਗੇ। ਡੀਐੱਮਕੇ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਜਨਰਲ ਸਕੱਤਰ ਦੁਰਈਮੁਰੂਗਨ ਜਲ ਸਰੋਤ ਮਤਰੀ ਹੋਣਗੇ। -ਪੀਟੀਆਈ