ਚੇਨੱਈ, 11 ਜੁਲਾਈ
ਮੁੱਖ ਅੰਸ਼
- ਪਨੀਰਸੇਲਵਮ ਨੂੰ ਪਾਰਟੀ ’ਚੋਂ ਕੱਢਿਆ
- ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਹਿੰਸਾ
ਤਾਮਿਲਨਾਡੂ ਦੀ ਸਿਆਸੀ ਧਿਰ ਅੰਨਾ-ਡੀਐਮਕੇ ਨੇ ਅੱਜ ਏਡਾਪੱਡੀ ਕੇ ਪਲਾਨੀਸਵਾਮੀ ਨੂੰ ਪਾਰਟੀ ਦਾ ਅੰਤ੍ਰਿਮ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਸੂਬੇ ਦੀ ਮੁੱਖ ਵਿਰੋਧੀ ਧਿਰ ਨੇ ਦੋਹਰੀ ਲੀਡਰਸ਼ਿਪ ਵਾਲਾ ਮਾਡਲ ਖ਼ਤਮ ਕਰ ਦਿੱਤਾ ਹੈ ਤੇ ਓ. ਪਨੀਰਸੇਲਵਮ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁੱਢਲੀ ਮੈਂਬਰਸ਼ਿਪ ਤੋਂ ਹੀ ਕੱਢ ਦਿੱਤਾ ਹੈ। ਪਾਰਟੀ ਦੀ ਅੱਜ ਹੋਈ ਜਨਰਲ ਕੌਂਸਲ ਦੀ ਮੀਟਿੰਗ ਵਿਚ 68 ਸਾਲਾ ਪਲਾਨੀਸਵਾਮੀ ਨੂੰ ਚੋਟੀ ਦਾ ਆਗੂ ਚੁਣਿਆ ਗਿਆ ਤੇ ਸਾਰੀਆਂ ਤਾਕਤਾਂ ਦੇ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਪਾਰਟੀ ਵਿਚ ਅਗਵਾਈ ਉਤੇ ਲੰਮੇ ਸਮੇਂ ਤੋਂ ਅੰਦਰੂਨੀ ਕਲੇਸ਼ ਚੱਲ ਰਿਹਾ ਸੀ। ਮਦਰਾਸ ਹਾਈ ਕੋਰਟ ਨੇ ਪਨੀਰਸੇਲਵਮ ਦੀ ਉਹ ਅਰਜ਼ੀ ਹਾਲ ਹੀ ਵਿਚ ਖਾਰਜ ਕਰ ਦਿੱਤੀ ਸੀ ਜਿਸ ਵਿਚ ਉਨ੍ਹਾਂ ਨੇ ਵਿਰੋਧੀ ਧੜੇ ਦੀ ਬੈਠਕ ਉਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਜੱਜ ਨੇ ਕਿਹਾ ਸੀ ਕਿ ਅਦਾਲਤ ਨੂੰ ਕਿਸੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਕੌਂਸਲ ਦੀ ਬੈਠਕ ਤੋਂ ਪਹਿਲਾਂ ਅੱਜ ਪਲਾਨੀਸਵਾਮੀ ਤੇ ਪਨੀਰਸੇਲਵਮ ਦੇ ਸਮਰਥਕਾਂ ਵਿਚਾਲੇ ਹਿੰਸਾ ਵੀ ਹੋਈ। -ਪੀਟੀਆਈ