ਚੇਨੱਈ, 11 ਅਪਰੈਲ
ਤਾਮਿਲ ਨਾਡੂ ਵਿਧਾਨ ਸਭਾ ਨੇ ਅੱਜ ਇੱਕ ਪ੍ਰਸਤਾਵ ਪਾਸ ਕੀਤਾ, ਜਿਸ ਵਿੱਚ ਕੇਂਦਰ ਤੋਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਆਮ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀਯੂਈਟੀ) ਕਰਵਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵਿਧਾਨ ਸਭਾ ਵਿੱਚ ਇਹ ਪ੍ਰਸਤਾਵ ਪੇਸ਼ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ‘ਨੀਟ’ ਪ੍ਰੀਖਿਆ ਵਾਂਗ ‘ਸੀਯੂਈਟੀ’ ਦੇਸ਼ ਵਿੱਚ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਦਰਕਿਨਾਰ ਕਰ ਦੇਵੇਗੀ, ਸਕੂਲਾਂ ਵਿੱਚ ਵਿਕਾਸਮੁਖੀ ਸਿੱਖਿਆ ਦੀ ਪ੍ਰਸੰਗਿਕਤਾ ਨੂੰ ਘਟਾ ਦੇਵੇਗੀ, ਵਿਦਿਆਰਥੀਆਂ ਨੂੰ ਆਪਣੀ ਦਾਖ਼ਲਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਲਿਆਉਣ ਲਈ ਕੋਚਿੰਗ ਸੈਂਟਰਾਂ ’ਤੇ ਨਿਰਭਰ ਬਣਾ ਦੇਵੇਗੀ। ਪ੍ਰਸਤਾਵ ਦਾ ਵਿਰੋਧ ਕਰਦਿਆਂ ਭਾਜਪਾ ਨੇ ਸਦਨ ਵਿੱਚੋਂ ਵਾਕਆਊਟ ਕੀਤਾ, ਮੁੱਖ ਵਿਰੋਧੀ ਧਿਰਾਂ ਅੰਨਾ ਡੀਐੱਮਕੇ ਅਤੇ ਸੱਤਾਧਾਰੀ ਡੀਐੱਮਕੇ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਤੇ ਖੱਬੀਆਂ ਧਿਰਾਂ ਨੇ ਇਸ ਦਾ ਸਮਰਥਨ ਕੀਤਾ। -ਪੀਟੀਆਈ