ਚੇਨੱਈ: ਤਾਮਿਲਨਾਡੂ ਸਰਕਾਰ ਵੱਲੋਂ ਗਠਿਤ ਜਾਂਚ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੀ ਮੌਤ ਲਈ ਉਸ ਦੀ ਵਿਸ਼ਵਾਸਪਾਤਰ ਵੀ ਕੇ ਸ਼ਸ਼ੀਕਲਾ ਨੂੰ ਦੋਸ਼ੀ ਠਹਿਰਾਇਆ ਹੈ। ਇਹ ਕਮਿਸ਼ਨ ਸਾਬਕਾ ਮੁੱਖ ਮੰਤਰੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਜੈਲਲਿਤਾ ਦੀ 2016 ਵਿੱਚ ਮੌਤ ਹੋ ਗਈ ਸੀ। ਜਸਟਿਸ ਏ ਅਰੁਮੁਘਸਵਾਮੀ ਕਮਿਸ਼ਨ ਦੀ ਰਿਪੋਰਟ ਮੰਗਲਵਾਰ ਨੂੰ ਤਾਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤੀ। ਰਿਪੋਰਟ ਵਿੱਚ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਸ਼ੀਕਲਾ ਨੂੰ ‘ਦੋਸ਼ੀ’ ਠਹਿਰਾਇਆ ਗਿਆ ਹੈ ਅਤੇ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਸਿਹਤ ਮੰਤਰੀ ਸੀ. ਵਿਜੈਭਾਸਕਰ, ਤਤਕਾਲੀ ਸਿਹਤ ਸਕੱਤਰ ਜੇ ਰਾਧਾਕ੍ਰਿਸ਼ਨਨ ਅਤੇ ਡਾਕਟਰ ਕੇਐਸ ਸ਼ਿਵਕੁਮਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਰਿਪੋਰਟ ਵਿੱਚ ਤਤਕਾਲੀ ਮੁੱਖ ਸਕੱਤਰ ਰਾਮ ਮੋਹਨ ਰਾਓ ਅਤੇ ਡਾਕਟਰਾਂ ਸਮੇਤ ਹੋਰਨਾਂ ਦੀ ਵੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ। ਵਿਜੈਭਾਸਕਰ ਏਆਈਏਡੀਐਮਕੇ ਆਗੂ ਅਤੇ ਵਿਧਾਇਕ ਹੈ। -ਪੀਟੀਆਈ