ਨਵੀਂ ਦਿੱਲੀ, 3 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਤਾਮਿਲ ਨਾਡੂ ’ਚ ਬੈਂਕ ਤੇ ਲਾਟਰੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋ ਵੱਖੋ ਵੱਖਰੇ ਕੇਸਾਂ ’ਚ 400 ਕਰੋੜ ਰੁਪਏ ਤੋਂ ਵਧ ਮੁੱਲ ਦੀ ਸੰਪਤੀ ਜ਼ਬਤ ਕੀਤੀ ਹੈ। ਜਾਂਚ ਏਜੰਸੀ ਨੇ ਚੇਨੱਈ ਦੇ ਸਰਵਨ ਸਟੋਰਜ਼ ਦੀ 234.75 ਕਰੋੜ ਰੁਪਏ ਮੁੱਲ ਦੀ ਸੰਪਤੀ ਜ਼ਬਤ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ। ਕੰਪਨੀ ’ਤੇ ਇੰਡੀਅਨ ਬੈਂਕ ਨਾਲ ਧੋਖਾਧੜੀ ਦਾ ਦੋਸ਼ ਹੈ। ਈਡੀ ਨੇ ਦੋਸ਼ ਲਾਇਆ ਕਿ ਮਰਹੂਮ ਪੱਲਾਕੁਦੁਰਾਈ, ਪੀ ਸੁਜਾਤਾ ਅਤੇ ਵਾਈ ਪੀ ਸ਼ਿਰਾਵਨ, ਜੋ ਸਰਵਨ ਸਟੋਰਜ਼ ਦੇ ਪਾਰਟਨਰ ਹਨ, ਨੇ ਅਣਪਛਾਤੇ ਮੁਲਾਜ਼ਮਾਂ ਨਾਲ ਸਾਜ਼ਿਸ਼ ਘੜ ਕੇ ਚੇਨੱਈ ਦੇ ਟੀ ਨਗਰ ਇਲਾਕੇ ਦੀ ਬੈਂਕ ਸ਼ਾਖਾ ਨਾਲ ਠੱਗੀ ਮਾਰੀ ਸੀ। ਸੀਬੀਆਈ ਵੱਲੋਂ ਅਪਰੈਲ ’ਚ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਮਗਰੋਂ ਮਈ ’ਚ ਈਡੀ ਨੇ ਕੇਸ ਦਰਜ ਕੀਤਾ ਸੀ। ਦੂਜੇ ਕੇਸ ’ਚ ਸੈਂਟਿਆਗੋ ਮਾਰਟਿਨ ਦੀ 173.48 ਕਰੋੜ ਰੁਪਏ ਮੁੱਲ ਦੀ ਸੰਪਤੀ ਆਰਜ਼ੀ ਤੌਰ ’ਤੇ ਜ਼ਬਤ ਕੀਤੀ ਗਈ ਹੈ। -ਪੀਟੀਆਈ