ਚੇਨਈ, 30 ਜੂਨ
ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਐਮਕੇ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੰਤਰੀਆਂ ਨੂੰ ਨਿਯੁਕਤ ਤੇ ਬਰਖਾਸਤ ਕਰਨ ਦਾ ਅਧਿਕਾਰ ਕੇਵਲ ਮੁੱਖ ਮੰਤਰੀ ਕੋਲ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਡੀਐਮਕੇ ਦੇ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਵੀਰਵਾਰ ਰਾਜਪਾਲ ਆਰ.ਐੱਨ. ਰਵੀ ਨੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਇਸ ਕਦਮ ਨੂੰ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਲਾਹ ਉਤੇ ਵਾਪਸ ਵੀ ਲੈ ਲਿਆ ਗਿਆ। ਸੱਤਾਧਾਰੀ ਧਿਰ ਨੇ ਰਾਜਪਾਲ ਦੇ ਕਦਮ ਦੀ ਸਖ਼ਤ ਨਿਖੇਧੀ ਕੀਤੀ।
ਵਿੱਤ ਮੰਤਰੀ ਥੰਗਮ ਥੇਨਾਰਾਸੂ ਨੇ ਕਿਹਾ ਕਿ ਮੁੱਖ ਮੰਤਰੀ ਐਮਕੇ ਸਟਾਲਿਨ ਇਸ ਬਾਰੇ ਰਵੀ ਨੂੰ ਵਿਸਥਾਰ ਵਿਚ ਪੱਤਰ ਲਿਖਣਗੇ। ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਅਹੁਦੇ ਤੋਂ ਹਟਾਉਣ ਬਾਰੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕਾਨੂੰਨ ਮੰਤਰੀ ਐੱਸ. ਰਘੂਪਤੀ ਨਾਲ ਇਕ ਮੀਟਿੰਗ ਵੀ ਕੀਤੀ ਹੈ। ਡੀਐਮਕੇ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਐੱਨ.ਆਰ. ਏਲਾਂਗੋ ਤੇ ਤਾਮਿਲਨਾਡੂ ਦੇ ਐਡਵੋਕੇਟ ਜਨਰਲ ਵੀ ਇਸ ਬੈਠਕ ਵਿਚ ਹਾਜ਼ਰ ਸਨ। ਡੀਐਮਕੇ ਨੇ ਕਿਹਾ ਕਿ ਪਾਰਟੀ ਰਵੀ ਦੀ ਕਾਰਵਾਈ ਨਾਲ ਸਬੰਧਤ ਸਾਰੇ ਕਾਨੂੰਨੀ ਬਦਲਾਂ ਤੇ ਤੱਥਾਂ ਉਤੇ ਵਿਚਾਰ ਕਰ ਰਹੀ ਹੈ। ਰਾਜਪਾਲ ਰਵੀ ਦੇ ਕਦਮ ਦੀ ਸੱਤਾਧਾਰੀ ਧਿਰ ਦੇ ਸਹਿਯੋਗੀਆਂ ਤੇ ਹੋਰਾਂ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ। ਤਾਮਿਲਨਾਡੂ ਦੇ ਵਿੱਤ ਮੰਤਰੀ ਨੇ ਅੱਜ ਕਾਨੂੰਨ ਮੰਤਰੀ ਤੇ ਰਾਜ ਸਭਾ ਮੈਂਬਰ ਪੀ. ਵਿਲਸਨ ਨਾਲ ਇਕ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਵਿਲਸਨ ਵਕੀਲ ਵੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਟਾਲਿਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਜਪਾਲ ਨੂੰ ਮੰਤਰੀ ਨੂੰ ਬਰਖਾਸਤ ਕਰਨ ਦਾ ਕੋਈ ਹੱਕ ਨਹੀਂ ਹੈ, ਤੇ ਇਸ ਮੁੱਦੇ ਨੂੰ ਕਾਨੂੰਨੀ ਢੰਗ ਨਾਲ ਨਜਿੱਠਿਆ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਰਾਜਪਾਲ ਨੇ ‘ਇਕਪਾਸੜ’ ਤੇ ‘ਕਾਹਲੀ’ ਨਾਲ ਕਦਮ ਚੁੱਕਿਆ ਹੈ। ਢੁੱਕਵੀਂ ਸਲਾਹ ਤੋਂ ਬਿਨਾਂ ਇਹ ਫ਼ੈਸਲਾ ਲਿਆ ਗਿਆ, ਮਗਰੋਂ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹੁਕਮਾਂ ਨੂੰ ਰੋਕ ਰਹੇ ਹਨ।
ਡੀਐਮਕੇ ਨੇ ਕਿਹਾ ਕਿ ਰਾਜਪਾਲ ਦੇ ਕਦਮ ਦਾ ਕੋਈ ਸੰਵਿਧਾਨਕ ਅਧਾਰ ਵੀ ਨਹੀਂ ਹੈ। ਮੁੱਖ ਮੰਤਰੀ ਸਟਾਲਿਨ ਇਸ ਮੁੱਦੇ ਉਤੇ ਕਈ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕਰ ਚੁੱਕੇ ਹਨ।
ਪਾਰਟੀ ਹਾਈ ਕਮਾਨ ਇਸ ਮਾਮਲੇ ਉਤੇ ਆਪਣੇ ਆਗੂਆਂ ਤੇ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਕਾਨੂੰਨੀ ਤੇ ਸਿਆਸੀ ਰਣਨੀਤੀ ਘੜੇਗੀ। ਡੀਐਮਕੇ ਹਾਲਾਂਕਿ ‘ਸਹੀ ਸਮੇਂ ਉਤੇ’ ਰਾਜਪਾਲ ਦਾ ਟਾਕਰਾ ਕਰਨ ਲਈ ਕਾਨੂੰਨੀ ਬਦਲਾਂ ਤੇ ਭਾਜਪਾ ਦਾ ਸਿਆਸੀ ਢੰਗ ਨਾਲ ਟਾਕਰਾ ਕਰਨ ਉਤੇ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਬਾਲਾਜੀ ਨੂੰ ਈਡੀ ਨੇ ਕਥਿਤ ਭ੍ਰਿਸ਼ਟਾਚਾਰ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ’ਤੇ ਨੌਕਰੀਆਂ ਬਦਲੇ ਪੈਸੇ ਮੰਗਣ ਦੇ ਦੋਸ਼ ਲੱਗੇ ਸਨ। -ਪੀਟੀਆਈ
ਦੋਹਰੇ ਮਿਆਰ ਅਪਣਾ ਰਹੀ ਹੈ ਡੀਐਮਕੇ: ਭਾਜਪਾ
ਤਾਮਿਲਨਾਡੂ ਭਾਜਪਾ ਦੇ ਮੁਖੀ ਕੇ. ਅੰਨਾਮਲਾਈ ਨੇ ਕਿਹਾ ਕਿ ਰਾਜਪਾਲ ਦੇ ਮਾਮਲੇ ਵਿਚ ਡੀਐਮਕੇ ‘ਦੋਹਰੇ ਮਿਆਰ’ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਇਕ ਵਾਰ ਐਮਕੇ ਸਟਾਲਿਨ ਨੇ ਮੰਗ ਕੀਤੀ ਸੀ ਕਿ ਤਤਕਾਲੀ ਅੰਨਾਡੀਐਮਕੇ ਸਰਕਾਰ ਦੇ ਇਕ ਮੰਤਰੀ ਨੂੰ ਰਾਜਪਾਲ ਬਰਖਾਸਤ ਕਰੇ, ਹੁਣ ਉਹ ਆਪਣਾ ਰੁਖ਼ ਸਪੱਸ਼ਟ ਕਰਨ। -ਪੀਟੀਆਈ