ਨੇਵੇਲੀ (ਤਾਮਿਲਨਾਡੂ), 1 ਜੁਲਾਈ
ਇੱਥੇ ਅੱਜ ਐੱਨਐੱਲਸੀ ਇੰਡੀਆ ਦੇ ਥਰਮਲ ਪਲਾਂਟ ਵਿੱਚ ਇਕ ਬੁਆਇਲਰ ’ਚ ਹੋਏ ਧਮਾਕੇ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਜਣੇ ਜ਼ਖ਼ਮੀ ਹੋ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੇ ਵਿਅਕਤੀਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਇਸ ਸਬੰਧੀ ਮੁੱਖ ਮੰਤਰੀ ਕੇ ਪਲਾਨੀਸਵਾਮੀ ਨਾਲ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਐੱਨਐੱਲਸੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਧਮਾਕੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਪਰ ਬਾਅਦ ਵਿੱਚ ਮ੍ਰਿਤਕਾਂ ਦੀ ਗਿਣਤੀ ਛੇ ਤੱਕ ਪਹੁੰਚ ਗਈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਜਣੇ ਜ਼ਖ਼ਮੀ ਹੋ ਗਈ ਜਿਨ੍ਹਾਂ ਨੂੰ ਚੇਨੱਈ ਦੇ ਇਕ ਹਸਪਤਾਲ ਵਿੱਚ ਪਹੁੰਚਾਇਆ ਗਿਆ। ਮਰਨ ਵਾਲੇ ਵਿਅਕਤੀਆਂ ਦੀ ਉਮਰ 25 ਤੋਂ 42 ਸਾਲ ਵਿਚਾਲੇ ਸੀ ਅਤੇ ਉਹ ਠੇਕਾ ਆਧਾਰਤ ਕਾਮੇ ਸਨ। ਇਹ ਹਾਦਸਾ ਥਰਮਲ ਪਾਵਰ ਸਟੇਸ਼ਨ-2 (210 ਐੱਮਡਬਲਿਊ*7) ਦੀ ਪੰਜਵੀਂ ਯੂਨਿਟ ਵਿੱਚ ਉਸ ਵੇਲੇ ਵਾਪਰਿਆ ਜਦੋਂ ਅੱਜ ਸਵੇਰੇ ਵਰਕਰ ਮੁੜ ਤੋਂ ਕੰਮ ਸ਼ੁਰੂ ਕਰ ਰਹੇ ਸਨ।
-ਪੀਟੀਆਈ