ਚੇਨੱਈ, 13 ਸਤੰਬਰ
ਤਾਮਿਲਨਾਡੂ ਵਿਧਾਨ ਸਭਾ ਨੇ ਅੱਜ ਕੌਮੀ ਦਾਖਲਾ ਯੋਗਤਾ ਟੈਸਟ (ਨੀਟ) ਤੋਂ ਛੋਟ ਦੇਣ ਅਤੇ ਸਮਾਜਿਕ ਨਿਆਂ ਯਕੀਨੀ ਬਣਾਉਣ ਲਈ 12ਵੀਂ ਕਲਾਸ ’ਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਮੈਡੀਕਲ ਕੋਰਸਾਂ ’ਚ ਦਾਖਲਾ ਦਿਵਾਉਣ ਦੇ ਮਕਸਦ ਨਾਲ ਇੱਕ ਬਿੱਲ ਪਾਸ ਕੀਤਾ ਹੈ।
ਇਸੇ ਮਕਸਦ ਲਈ ਅੰਨਾ ਡੀਐੱਮਕੇ ਦੇ ਸ਼ਾਸਨ ਦੌਰਾਨ 2017 ਵਿੱਚ ਵੀ ਇਹ ਬਿੱਲ ਪਾਸ ਕੀਤਾ ਗਿਆ ਸੀ, ਜਿਸ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਅੱਜ ਬਿੱਲ ਪਾਸ ਹੋਣ ਦੌਰਾਨ ਸਦਨ ’ਚ ਉਸ ਵਿਦਿਆਰਥੀ ਦੀ ਮੌਤ ਦਾ ਮਾਮਲਾ ਵੀ ਗੂੰਜਿਆ, ਜਿਸ ਨੇ ਟੈਸਟ ਤੋਂ ਪਾਸ ਨਾ ਹੋਣ ਡਰ ਕਾਰਨ ਐਤਵਾਰ ਨੂੰ ਨੀਟ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਮੁੱਖ ਵਿਰੋਧੀ ਅੰਨਾ ਡੀਐੱਮਕੇ ਵੱਲੋਂ ਇਸ ਘਟਨਾ ਨੂੰ ਲੈ ਕੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਗਿਆ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵਿਧਾਨ ਸਭਾ ’ਚ ਬਿੱਲ ਪੇਸ਼ ਕੀਤਾ। ਸਾਰੀਆਂ ਪਾਰਟੀਆਂ, ਜਿਨ੍ਹਾਂ ਵਿੱਚ ਮੁੱਖ ਵਿਰੋਧੀ ਪਾਰਟੀ ਅੰਨਾ ਡੀਐੱਮਕੇ ਅਤੇ ਇਸ ਦੀ ਸਹਿਯੋਗੀ ਪੀਐੱਮਕੇ ਤੋਂ ਇਲਾਵਾ ਕਾਂਗਰਸ ਅਤੇ ਹੋਰ ਸ਼ਾਮਲ ਹਨ, ਨੇ ਬਿੱਲ ਦਾ ਸਮਰਥਨ ਕੀਤਾ ਅਤੇ ਇਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਜਦਕਿ ਭਾਜਪਾ ਨੇ ਸਰਕਾਰ ਦੇ ਇਸ ਕਦਮ ਦਾ ਕਦਮ ਦਾ ਵਿਰੋਧ ਕਰਦਿਆਂ ਵਾਕਆਊਟ ਕਰ ਦਿੱਤਾ। ਬਿੱਲ ਦੀਆਂ ਤਜ਼ਵੀਜਾਂ ਮੁਤਾਬਕ ਤਾਮਿਲਨਾਡੂ ਦੇ ਮੈਡੀਕਲ ਕਾਲਜਾਂ ਵਿੱਚ ਗਰੈਜੂਏਟ ਪੱਧਰ ’ਤੇ ਮੈਡੀਕਲ, ਦੰਦਾਂ ਦੇ ਇਲਾਜ, ਭਾਰਤੀ ਮੈਡੀਕਲ ਅਤੇ ਹੋਮਿਓਪੈਥੀ ਕੋਰਸਾਂ ’ਚ 12ਵੀਂ ਕਲਾਸ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਦਾਖਲਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਕੇ. ਪਲਾਨੀਸਵਾਮੀ ਨੇ ਐਤਵਾਰ ਨੂੰ ਖੁ਼ਦਕੁਸ਼ੀ ਕਰ ਗਏ ਆਪਣੇ ਗ੍ਰਹਿ ਜ਼ਿਲ੍ਹੇ ਸਾਲੇਮ ਦੇ 19 ਸਾਲਾ ਧਨੁਸ਼ ਦੀ ਖ਼ੁਦਕੁਸ਼ੀ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਡੀਐੱਮਕੇ ਨੇ ‘ਨੀਟ’ ਰੱਦ ਕਰਨ ਦਾ ਵਾਅਦਾ ਕੀਤਾ ਸੀ। ਇਹ ਨਹੀਂ ਹੋ ਸਕਿਆ ਅਤੇ ਬਹੁਤ ਸਾਰੇ ਵਿਦਿਆਰਥੀ ਇਸ ਲਈ ਤਿਆਰ ਨਹੀਂ ਸਨ। ਵਿਧਾਨ ਸਭਾ ਸਪੀਕਰ ਐੱਮ. ਅੱਪਾਵੂ ਨੇ ਉਨ੍ਹਾਂ ਦੀਆਂ ਕੁਝ ਟਿੱਪਣੀਆਂ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ। ਉਨ੍ਹਾਂ ਪੀੜਤ ਦੇ ਪਰਿਵਾਰ ਦੀ ਵਿੱਤੀ ਮਦਦ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਵੀ ਕੀਤੀ। ਵਿਰੋਧੀ ਦਲ ਦੇ ਵਿਧਾਇਕ, ਜਿਹੜੇ ਕਾਲੇ ਬਿੱਲੇ ਲਾ ਕੇ ਸਦਨ ’ਚ ਆਏ, ਪਲਾਨੀਸਵਾਮੀ ਦੀ ਅਗਵਾਈ ਹੇਠ ਵਾਕਆਊਟ ਕਰ ਗਏ। -ਪੀਟੀਆਈ