ਨਵੀਂ ਦਿੱਲੀ, 15 ਜੁਲਾਈ
ਭਾਰਤੀ ਫੌਜ ਨੇ ਚੀਨੀ ਫੌਜ ਕਰੀਬ 15 ਘੰਟਿਆਂ ਦੀ ਗੱਲਬਾਤ ਦੌਰਾਨ “ਸਪਸ਼ਟ ਸੰਦੇਸ਼” ਦਿੱਤਾ ਹੈ ਕਿ ਪੂਰਬੀ ਲੱਦਾਖ ਵਿਚ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਸਰਹੱਦੀ ਪ੍ਰਬੰਧਨ ਲਈ ਸਹਿਮਤ ਵਾਲੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਪਏਗੀ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਦੀਆਂ ਦੋਵੇਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਦਰਮਿਆਨ ਗੁੰਝਲਦਾਰ ਗੱਲਬਾਤ ਅੱਜ ਤੜਕੇ 2 ਵਜੇ ਤੱਕ ਚੱਲੀ। ਇਸੇ ਦੌਰਾਨ ਪੇਈਚਿੰਗ ਤੋਂ ਜਾਰੀ ਬਿਆਨ ਵਿੱਚ ਚੀਨ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨੀ ਫੌਜਾਂ ਦਰਮਿਆਨ ਕਮਾਂਡਰ ਪੱਧਰੀ ਗੱਲਬਾਤ ਦੇ ਚੌਥੇ ਗੇੜ ਵਿੱਚ ਫ਼ੌਜੀਆਂ ਦੀ ਹੋਰ ਵਾਪਸੀ ਦੀ ਦਿਸ਼ਾ ਵੱਲ ਪ੍ਰਗਤੀ ਹੋਈ ਹੈ।