ਨਵੀਂ ਦਿੱਲੀ, 26 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱੱਥੇ ਭਾਰਤ ਦੇ ਦੌਰੇ ’ਤੇ ਆਏ ਤਨਜ਼ਾਨੀਆ ਦੇ ਆਪਣੇ ਹਮਰੁਤਬਾ ਸਟੇਰਗੋਮੇਨਾ ਲਾਰੈਂਸ ਟੈਕਸ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰੱਖਿਆ ਅਤੇ ਉਦਯੋਗਿਕ ਸਹਿਯੋਗ ਬਾਰੇ ਚਰਚਾ ਕੀਤੀ ਗਈ। ਗੱਲਬਾਤ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਤਨਜ਼ਾਨੀਆ ਦੇ ਸਬੰਧ ਰਣਨੀਤਕ ਤੌਰ ’ਤੇ ਅਹਿਮ ਹਨ ਅਤੇ ਨਵੀਂ ਦਿੱਲੀ ਅਫਰੀਕੀ ਦੇਸ਼ ਨੂੰ ‘ਪੱਛਮੀ ਹਿੰਦ ਮਹਾਸਾਗਰ ਦੀ ਪ੍ਰਮੁੱਖ ਧਿਰ’ ਮੰਨਦੀ ਹੈ। ਇਸ ਸਬੰਧੀ ਉਨ੍ਹਾਂ ਟਵੀਟ ਕੀਤਾ, ‘‘ਨਵੀਂ ਦਿੱਲੀ ਵਿੱਚ ਤਨਜ਼ਾਨੀਆ ਦੇ ਰੱਖਿਆ ਮੰਤਰੀ ਡਾ. ਸਟੇਰਗੋਮੇਨਾ ਲਾਰੈਂਸ ਟੈਕਸ ਨਾਲ ਮੁਲਾਕਾਤ ਦੌਰਾਨ ਭਾਰਤ-ਤਨਜ਼ਾਨੀਆ ਵਿਚਾਲੇ ਰੱਖਿਆ ਸਬੰਧਾਂ ਦੀ ਸਮੀਖਿਆ ਕੀਤੀ। ਭਾਰਤ ਅਤੇ ਤਨਜ਼ਾਨੀਆ ਵਿਚਾਲੇ ਸਬੰਧ ਰਣਨੀਤਕ ਤੌਰ ’ਤੇ ਅਹਿਮ ਹਨ। ਭਾਰਤ ਤਨਜ਼ਾਨੀਆ ਨੂੰ ਪੱਛਮੀ ਹਿੰਦ ਮਹਾਸਾਗਰ ਦੀ ਪ੍ਰਮੁੱਖ ਧਿਰ ਮੰਨਦਾ ਹੈ।’’ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਫ਼ੌਜ ਪੱਧਰ ਦੇ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਕਾਫੀ ਸੰਭਾਵਨਾਵਾਂ ਹਨ। ਮੈਨੂੰ ਭਰੋਸਾ ਹੈ ਕਿ ਭਾਰਤ-ਤਨਜ਼ਾਨੀਆ ਵਿਚਾਲੇ ਸਾਂਝ ਭਵਿੱਖ ਵਿੱਚ ਵਧਦੀ ਰਹੇਗੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਪਿਛਲੇ ਕੁਝ ਸਾਲਾਂ ਤੋਂ ਭਾਰਤ ਅਫਰੀਕੀ ਮਹਾਦੀਪ ਨਾਲ ਰੱਖਿਆ ਅਤੇ ਸੁਰੱਖਿਆ ਸਮੇਤ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ। -ਪੀਟੀਆਈ