ਨਵੀਂ ਦਿੱਲੀ, 6 ਅਪਰੈਲ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵਾਤਾਵਰਨ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਨੁਮਾਇੰਦੇ ਜੌਹਨ ਕੈਰੀ ਨਾਲ ਅੱਜ ਇਥੇ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਵਾਤਾਵਰਨ ਵਿੱਤ, ਸਾਂਝੀ ਖੋਜ ਅਤੇ ਸਹਿਯੋਗ ਸਮੇਤ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਜਾਵੜੇਕਰ ਨੇ ਬੈਠਕ ’ਚ ਅੱਠ ਮੈਂਬਰੀ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਕੈਰੀ ਨਾਲ ਹੋਈ ਵਾਰਤਾ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ। ਵਾਤਾਵਰਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੈਰੀ ਨਾਲ ਸੱਤ ਮੈਂਬਰੀ ਅਮਰੀਕੀ ਵਫ਼ਦ ਨੇ ਵਿਚਾਰ ਵਟਾਂਦਰੇ ’ਚ ਹਿੱਸਾ ਲਿਆ। ਸ੍ਰੀ ਕੈਰੀ ਚਾਰ ਦਿਨ ਦੇ ਭਾਰਤ ਦੌਰੇ ’ਤੇ ਹਨ ਜਿਸ ਦੌਰਾਨ ਉਹ ਕੇਂਦਰੀ ਮੰਤਰੀਆਂ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਅਤੇ ਐੱਨਜੀਓਜ਼ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਵਜੋਂ ਕੈਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ।ਇਸ ਯਾਤਰਾ ਦਾ ਉਦੇਸ਼ ਜਲਵਾਯੂ ਪਰਿਵਰਤਨ ਨਾਲ ਸਿੱਝਣ ਸਬੰਧੀ 22 ਅਤੇ 23 ਅਪਰੈਲ ਨੂੰ ਹੋਣ ਵਾਲੇ ਆਗੂਆਂ ਦੇ ਸਿਖਰ ਸੰਮੇਲਨ ਅਤੇ ਇਸ ਸਾਲ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਤੋਂ ਪਹਿਲਾਂ ਵਾਤਾਵਰਨ ਸਬੰਧੀ ਖਾਹਿਸ਼ਾਂ ਬਾਰੇ ਚਰਚਾ ਕਰਨਾ ਹੈ। ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ 40 ਆਗੂਆਂ ਨੂੰ ਸਿਖਰ ਸੰਮੇਲਨ ਲਈ ਸੱਦਾ ਦਿੱਤਾ ਹੈ। -ਪੀਟੀਆਈ