ਨਵੀਂ ਦਿੱਲੀ, 9 ਸਤੰਬਰ
ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਤਣਾਅ ਘਟਾਉਣ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਅੱਜ ਹੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਉਂਜ ਦੋਵੇਂ ਮੁਲਕਾਂ ਦੇ ਫ਼ੌਜ ਕਮਾਂਡਰਾਂ ਵੱਲੋਂ ਅੱਗੇ ਵੀ ਵਾਰਤਾ ਜਾਰੀ ਰੱਖੀ ਜਾਵੇਗੀ। ਸੂਤਰਾਂ ਨੇ ਕਿਹਾ,‘‘ਦੋਵੇਂ ਮੁਲਕਾਂ ਦੇ ਬ੍ਰਿਗੇਡ ਕਮਾਂਡਰਾਂ ਵਿਚਕਾਰ ਅੱਜ ਵਾਰਤਾ ਹੋਈ ਪਰ ਇਹ ਬੇਸਿੱਟਾ ਰਹੀ। ਭਾਰਤ ਨੇ ਸਪੱਸ਼ਟ ਆਖਿਆ ਹੈ ਕਿ ਜੇਕਰ ਚੀਨੀ ਫ਼ੌਜ ਭੜਕਾਊ ਕਾਰਵਾਈਆਂ ਤੋਂ ਬਾਜ਼ ਨਾ ਆਈ ਤਾਂ ਭਾਰਤੀ ਜਵਾਨ ਵੀ ਮੋੜਵਾਂ ਜਵਾਬ ਦੇਣਗੇ।’’ ਇਹ ਗੱਲਬਾਤ ਊਸ ਸਮੇਂ ਹੋਈ ਹੈ ਜਦੋਂ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਦੇ ਜਵਾਨਾਂ ਨੇ 7 ਸਤੰਬਰ ਨੂੰ ਭੜਕਾਊ ਕਾਰਵਾਈ ਕਰਦਿਆਂ ਭਾਰਤੀ ਜਵਾਨਾਂ ਨੂੰ ਰਿਜ਼ਾਂਗ ਲਾ ਤੋਂ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹਵਾ ’ਚ ਗੋਲੀਆਂ ਦਾਗ਼ੀਆਂ ਸਨ। -ਆਈਏਐਨਐਸ