ਨਵੀਂ ਦਿੱਲੀ, 21 ਫਰਵਰੀ
ਪੂਰਬੀ ਲੱਦਾਖ ਤੋਂ ਫੌਜਾਂ ਦੀ ਵਾਪਸੀ ਨੂੰ ਹੋਰ ਵਿਸਥਾਰ ਦੇਣ ਲਈ ਭਾਰਤ ਅਤੇ ਚੀਨ ਨੇ ਫੌਜੀ ਗੱਲਬਾਤ ਦੇ 10ਵੇਂ ਗੇੜ ਦੌਰਾਨ ਵਿਆਪਕ ਵਿਚਾਰ ਵਟਾਂਦਰੇ ਕੀਤੇ। ਗੱਲਬਾਤ ਕਰੀਬ 16 ਘੰਟੇ ਚੱਲੀ। ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਮੋਲਡੋ ਬਾਰਡਰ ਪੁਆਇੰਟ ’ਤੇ ਚੀਨ ਵਾਲੇ ਪਾਸੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸ਼ਨਿਚਰਵਾਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਐਤਵਾਰ ਤੜਕੇ 2 ਵਜੇ ਖ਼ਤਮ ਹੋਈ। ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਪੂਰਬੀ ਲੱਦਾਖ ਦੇ ਹੌਟ ਸਪਰਿੰਗਸ, ਗੋਗਰਾ ਤੇ ਦਪਸਾਂਗ ਵਰਗੇ ਵਿਵਾਦਤ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਗਿਆ।