ਨਿਊਯਾਰਕ: ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੇਕ ਸੁਲੀਵਨ ਵਿਚਾਲੇ ਫ਼ੋਨ ’ਤੇ ਗੱਲਬਾਤ ਹੋਈ। ਇਸ ਦੌਰਾਨ ਦੋਹਾਂ ਆਗੂਆਂ ਵੱਲੋਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਆਪਸੀ ਸਹਿਯੋਗ ਜਾਰੀ ਰੱਖਣ ਅਤੇ ਖੇਤਰੀ ਸੁਰੱਖਿਆ ਨੂੰ ਬੜ੍ਹਾਵਾ ਦੇਣ ਬਾਰੇ ਚਰਚਾ ਕੀਤੀ ਗਈ। ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਅਨੁਸਾਰ, ‘‘ਬੁੱਧਵਾਰ ਨੂੰ ਫੋਨ ’ਤੇ ਹੋਈ ਗੱਲਬਾਤ ਦੌਰਾਨ ਸੁਵੀਲਨ ਨੇ ਲੋਕਤੰਤਰ ਪ੍ਰਤੀ ਸਾਂਝੀ ਵਚਨਬੱਧਤਾ ’ਤੇ ਆਧਾਰਤ ਮਜ਼ਬੂਤ ਤੇ ਸਥਾਈ ਦੋ ਪੱਖੀ ਰਣਨੀਤਿਕ ਸਾਂਝੇਦਾਰੀ ਸਬੰਧੀ ਰਾਸ਼ਟਰਪਤੀ ਜੋਅ ਬਾਇਡਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਦੌਰਾਨ ਕੋਵਿਡ-19 ਤੇ ਜਲਵਾਯੂ ਬਦਲਾਅ ਸਮੇਤ ਵਿਸ਼ਵ ਪੱਧਰੀ ਚੁਣੌਤੀਆਂ ਸਬੰਧੀ ਸਹਿਯੋਗ ਲਈ ਨਵੀਆਂ ਕੋਸ਼ਿਸ਼ਾਂ ਦੇ ਮਹੱਤਵ ’ਤੇ ਚਰਚਾ ਕੀਤੀ ਗਈ। ਬਾਇਡਨ ਦੇ ਜਲਵਾਯੂ ਬਾਰੇ ਵਿਸ਼ੇਸ਼ ਰਾਜਦੂਤ ਜੌਹਨ ਕੈਰੀ ਨੇ ਕਿਹਾ, ‘‘ਬੁੱਧਵਾਰ ਨੂੰ ਜਾਰੀ ਕੀਤੇ ਗਏ ਜਲਵਾਯੂ ਬਦਲਾਅ ਸਬੰਧੀ ਰਾਸ਼ਟਰਪਤੀ ਦੇ ਕਾਰਜਕਾਰੀ ਹੁਕਮਾਂ ਅਧੀਨ ਸਾਡੀਆਂ 17 ਖੁ਼ਫ਼ੀਆ ਏਜੰਸੀਆਂ ਇਕੱਠੀਆਂ ਹੋਣ ਜਾ ਰਹੀਆਂ ਹਨ ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਅਸਲ ਵਿੱਚ ਕੀ ਖ਼ਤਰਾ ਹੈ ਅਤੇ ਇਸ ਤੋਂ ਕੀ ਨੁਕਸਾਨ ਹੋ ਸਕਦਾ ਹੈ।’’ -ਆਈਏਐੱਨਐੱਸ