ਮੁੰਬਈ, 7 ਮਈ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਲਾਊਡ ਸਪੀਕਰ ਵਿਵਾਦ ਨੂੰ ਪੁਰਾਣਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਭਾਜਪਾ ਨੂੰ ਹੁਣ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਗੱਲ ਕਰਨੀ ਚਾਹੀਦੀ ਹੈ ਜੋ ਲੋਕਾਂ ਲਈ ਚੁਣੌਤੀ ਬਣੇ ਹੋਏ ਹਨ।
ਰਾਊਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਹੋਰ ਸੀਨੀਅਰ ਆਗੂ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਗੱਲ ਨਹੀਂ ਕਰਦੇ। ਉਨ੍ਹਾਂ ਦੇ ਹੋਰ ਮਸਲੇ ਹਨ। ਉਹ ਸਿਰਫ਼ ਇਸ ਗੱਲ ’ਤੇ ਬੋਲਦੇ ਹਨ ਕਿ ਪੰਜਾਬ ਤੇ ਮਹਾਰਾਸ਼ਟਰ ਦੀ ਪੁਲੀਸ ਕੀ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ’ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ, ਇਸ ਲਈ ਲਾਊਡ ਸਪੀਕਰਾਂ ਦਾ ਮੁੱਦਾ ਵੀ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ, ‘ਮਸਜਿਦਾਂ ਦੇ ਲਾਊਡ ਸਪੀਕਰਾਂ ’ਤੇ ਪਾਬੰਦੀ ਲਾਉਣ ਦੀ ਮੰਗ ਕਰਕੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕ ਹੁਣ ਸਿਆਣੇ ਹੋ ਚੁੱਕੇ ਹਨ। ਸੁਪਰੀਮ ਕੋਰਟ ਵੱਲੋਂ ਲਾਊਡ ਸਪੀਕਰਾਂ ਬਾਰੇ ਦਿੱਤੇ ਨਿਰਦੇਸ਼ ਅਮਲ ’ਚ ਲਿਆਂਦੇ ਜਾ ਰਹੇ ਹਨ। ਲਾਊਡ ਸਪੀਕਰਾਂ ਬਾਰੇ ਇੱਕ ਕੌਮੀ ਨੀਤੀ ਬਣਨੀ ਚਾਹੀਦੀ ਹੈ।’ -ਪੀਟੀਆਈ