ਇਸਲਾਮਾਬਾਦ, 6 ਸਤੰਬਰ
ਤਾਲਿਬਾਨ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਅਤੇ ਮੁੱਲ੍ਹਾ ਅਬਦੁੱਲ ਗਨੀ ਬਰਾਦਰ ਵਿਚਕਾਰ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਆਈਐੱਸਆਈ ਮੁਖੀ ਪਿਛਲੇ ਹਫ਼ਤੇ ਅਚਾਨਕ ਹੀ ਕਾਬੁਲ ਦੇ ਦੌਰੇ ’ਤੇ ਪਹੁੰਚ ਗਏ ਸਨ। ਤਾਲਿਬਾਨ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਅੱਜ ਕਾਬੁਲ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਹਮੀਦ ਅਤੇ ਬਰਾਦਰ ਵਿਚਕਾਰ ਮੁਲਾਕਾਤ ਦੀ ਪੁਸ਼ਟੀ ਕੀਤੀ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਤਾਲਿਬਾਨ ਨੇ ਇਸਲਾਮਾਬਾਦ ਨੂੰ ਭਰੋਸਾ ਦਿੱਤਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਪਾਕਿਸਤਾਨ ਖ਼ਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਾਲਿਬਾਨ ਨੇ ਐਤਵਾਰ ਨੂੰ ਕਿਹਾ ਸੀ ਕਿ ਪਾਕਿਸਤਾਨੀ ਅਧਿਕਾਰੀ ਕਾਬੁਲ ਅਤੇ ਇਸਲਾਮਾਬਾਦ ਦੇ ਸਬੰਧਾਂ ’ਚ ਸੁਧਾਰ ਲਈ ਆਇਆ ਸੀ। ਤਾਲਿਬਾਨ ਦੇ ਕਲਚਰਲ ਕਮਿਸ਼ਨ ਦੇ ਉਪ ਮੁਖੀ ਅਹਿਮਦਉੱਲ੍ਹਾ ਵਾਸਿਕ ਨੇ ਕਿਹਾ ਕਿ ਬਰਾਦਰ ਨੇ ਲੈਫ਼ਟੀਨੈਂਟ ਜਨਰਲ ਹਮੀਦ ਨਾਲ ਸਰਹੱਦੀ ਇਲਾਕਿਆਂ ਤੁਰਖਾਮ ਅਤੇ ਸਪਿਨ ਬੋਲਡਕ ’ਚ ਅਫ਼ਗਾਨ ਲੋਕਾਂ ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਿਪੋਰਟਾਂ ਮੁਤਾਬਕ ਹਮੀਦ ਨੇ ਤਾਲਿਬਾਨ ਅਤੇ ਹੱਕਾਨੀ ਗੁਟਾਂ ਵਿਚਕਾਰ ਚੱਲ ਰਹੇ ਤਣਾਅ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। -ਪੀਟੀਆਈ